ਕੁੱਲੂ ਦੁਸਹਿਰੇ ਤੋਂ ਪਰਤ ਰਹੇ ਚਾਰ ਵਿਅਕਤੀਆਂ ਦੀ ਮੌਤ


ਸ੍ਰੀ ਕੀਰਤਪੁਰ ਸਾਹਿਬ: ਸ੍ਰੀ ਕੀਰਤਪੁਰ ਸਾਹਿਬ-ਮੰਡੀ ਮੁੱਖ ਮਾਰਗ ’ਤੇ ਪਿੰਡ ਦੇਹਣੀ ਨੇੜੇ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਕੁੱਲੂ ਦੁਸਹਿਰੇ ਦੇ ਸਮਾਗਮ ਤੋਂ ਵਾਪਸ ਪਰਤ ਰਹੀ ਸਾਊਂਡ ਸਿਸਟਮ ਦੀ ਗੱਡੀ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਗੱਡੀ ਸਵਾਰ ਚਾਰ ਵਿਅਕਤੀਆਂ ਦੀ ਮੌਤ ਹੋ ਗਈ।

ਮੁੱਢਲੀ ਜਾਣਕਾਰੀ ਮੁਤਾਬਕ, ਇਹ ਗੱਡੀ ਰੂਪਨਗਰ ਦੇ ਪੰਜਾਬ ਸਾਊਂਡ ਸਿਸਟਮ ਗਰੁੱਪ ਨਾਲ ਸਬੰਧਤ ਸੀ। ਗਰੁੱਪ ਦੇ ਮੈਂਬਰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਦੁਸਹਿਰੇ ਦਾ ਸਮਾਗਮ ਪੂਰਾ ਕਰਨ ਤੋਂ ਬਾਅਦ ਵਾਪਸ ਰੂਪਨਗਰ ਜਾ ਰਹੇ ਸਨ।

ਜਾਣਕਾਰੀ ਅਨੁਸਾਰ, ਗੱਡੀ ਸਵੇਰੇ ਕਰੀਬ 6:30 ਵਜੇ ਪਿੰਡ ਦੇਹਣੀ ਨੇੜੇ ਪਹੁੰਚੀ। ਇਸ ਦੌਰਾਨ ਉਤਰਾਈ ’ਤੇ ਕਥਿਤ ਤਕਨੀਕੀ ਖ਼ਰਾਬੀ ਕਾਰਨ ਗੱਡੀ ਡਰਾਈਵਰ ਦੇ ਕਾਬੂ ਤੋਂ ਬਾਹਰ ਹੋ ਗਈ ਅਤੇ ਸੜਕ ਨਾਲ ਲੱਗਦੀ ਡੂੰਘੀ ਖੱਡ ਵਿੱਚ ਪਲਟ ਗਈ।

ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਵਿੱਚ ਸਵਾਰ ਚਾਰਾਂ ਵਿਅਕਤੀਆਂ ਦੀ ਜਾਨ ਚਲੀ ਗਈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਬਣ ਗਿਆ।

ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਐਮਰਜੈਂਸੀ ਨੰਬਰ 1033 ’ਤੇ ਸੰਪਰਕ ਕਰਕੇ ਨੇੜਲੇ ਗਰਾਂ ਮੋੜਾ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਸੜਕ ਬਣਾਉਣ ਵਾਲੀ ਕੰਪਨੀ ਦੇ ਅਧਿਕਾਰੀ ਅਤੇ ਕਰਮਚਾਰੀ ਮੌਕੇ ’ਤੇ ਪਹੁੰਚੇ।

ਖੱਡ ਵਿੱਚੋਂ ਗੱਡੀ ਅਤੇ ਮ੍ਰਿਤਕਾਂ ਨੂੰ ਬਾਹਰ ਕੱਢਣ ਲਈ ਹਾਈਡਰਾ ਮਸ਼ੀਨਾਂ ਦੀ ਮਦਦ ਲਈ ਗਈ। ਕਰੀਬ ਢਾਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਚਾਰਾਂ ਦੀਆਂ ਮ੍ਰਿਤਕ ਦੇਹਾਂ ਨੂੰ ਬਾਹਰ ਕੱਢਿਆ ਗਿਆ। ਇਸ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਸੜਕ ਦੇ ਇੱਕ ਪਾਸੇ ਆਵਾਜਾਈ ਰੋਕੀ ਗਈ।

ਮ੍ਰਿਤਕ ਦੇਹਾਂ ਨੂੰ 1033 ਐਂਬੂਲੈਂਸਾਂ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਦੀ ਮੋਰਚਰੀ ਵਿੱਚ ਭੇਜਿਆ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਸ੍ਰੀ ਕੀਰਤਪੁਰ ਸਾਹਿਬ ਥਾਣੇ ਦੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।

ਥਾਣਾ ਮੁਖੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਪਛਾਣ ਹੋਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਜਾਵੇਗਾ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

The post ਕੁੱਲੂ ਦੁਸਹਿਰੇ ਤੋਂ ਪਰਤ ਰਹੇ ਚਾਰ ਵਿਅਕਤੀਆਂ ਦੀ ਮੌਤ appeared first on Charhdikala.