- ਖਰੜ ਹਲਕੇ ਤੋਂ ਪੰਥਕ ਸਿਆਸਤ ਵਿੱਚ ਗਰਮਾਹਟ: ਸ਼ਹੀਦ ਸ਼ੇਰ ਸਿੰਘ ਡੂਮਛੇੜੀ ਦੇ ਸਪੁੱਤਰ ਗੁਰਵਿੰਦਰ ਡੂਮਛੇੜੀ ਬਣੇ ਮਜ਼ਬੂਤ ਦਾਅਵੇਦਾਰ
- ਪੰਥਕ ਵਿਰਸਾ: ਗੁਰਵਿੰਦਰ ਸਿੰਘ ਡੂਮਛੇੜੀ ਯੂਥ ਅਕਾਲੀ ਦਲ ਦੇ ਬਾਨੀ ਪ੍ਰਧਾਨ ਸ਼ਹੀਦ ਸ਼ੇਰ ਸਿੰਘ ਡੂਮਛੇੜੀ ਦੇ ਸਪੁੱਤਰ ਹਨ।
ਮੋਰਿੰਡਾ 29 ਅਕਤੂਬਰ (ਭਟੋਆ): ਵਿਧਾਨ ਸਭਾ ਹਲਕਾ ਖਰੜ ਤੋਂ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਦੌਰਾਨ ਸ਼ਹੀਦ ਸ਼ੇਰ ਸਿੰਘ ਡੂਮਛੇੜੀ ਦੇ ਸਪੁੱਤਰ ਗੁਰਵਿੰਦਰ ਸਿੰਘ ਡੂਮਛੇੜੀ ‘ਵਾਰਿਸ ਪੰਜਾਬ ਦੇ ਅਕਾਲੀ ਦਲ’ ਵੱਲੋਂ ਇੱਕ ਮਜ਼ਬੂਤ ਅਤੇ ਠੋਸ ਦਾਅਵੇਦਾਰ ਵਜੋਂ ਉੱਭਰ ਕੇ ਸਾਹਮਣੇ ਆਏ ਹਨ।
ਦੱਸਣਯੋਗ ਹੈ ਕਿ ਸ਼ਹੀਦ ਸ਼ੇਰ ਸਿੰਘ ਡੂਮਛੇੜੀ ਨੇ ਉਸ ਸਮੇਂ ਪੰਥਕ ਸਿਆਸਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਜਦੋਂ ਬੇਅੰਤ ਸਿੰਘ ਸਰਕਾਰ ਦੇ ਸਮੇਂ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਪੰਜਾਬ ਵਿੱਚ ਰੈਲੀਆਂ ਕਰਨ ਤੋਂ ਰੋਕ ਦਿੱਤਾ ਗਿਆ ਸੀ ਅਤੇ ਅਕਾਲੀ ਲੀਡਰ ਆਪਣੇ ਘਰਾਂ ਤੱਕ ਸੀਮਤ ਹੋ ਗਏ ਸਨ। ਉਸ ਔਖੇ ਸਮੇਂ ਵਿੱਚ ਸ. ਡੂਮਛੇੜੀ ਨੇ ਬੇਖੌਫ਼ ਹੋ ਕੇ ਯੂਥ ਅਕਾਲੀ ਦਲ ਦੀਆਂ ਰੈਲੀਆਂ ਦਾ ਸਿਲਸਿਲਾ ਸ਼ੁਰੂ ਕਰਕੇ ਅਕਾਲੀ ਦਲ ਲਈ ‘ਆਕਸੀਜਨ’ ਦਾ ਕੰਮ ਕੀਤਾ ਸੀ। ਹਾਲਾਂਕਿ, ਕੁਝ ਸਮੇਂ ਬਾਅਦ ਹੀ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ।
ਪਿਤਾ ਦੀ ਸ਼ਹਾਦਤ ਉਪਰੰਤ ਗੁਰਵਿੰਦਰ ਸਿੰਘ ਡੂਮਛੇੜੀ ਨੇ ਜਿੱਥੇ ਇੱਕ ਪਾਸੇ ਆਪਣੇ ਪਰਿਵਾਰ ਦੀ ਵਾਗਡੋਰ ਬਾਖ਼ੂਬੀ ਸੰਭਾਲੀ, ਉੱਥੇ ਹੀ ਆਪਣੇ ਸਵਰਗੀ ਪਿਤਾ ਦੀ ਪੰਥਕ ਸੋਚ ਅਤੇ ਰਾਜਨੀਤੀ ਨੂੰ ਵੀ ਪੂਰੀ ਦ੍ਰਿੜਤਾ ਨਾਲ ਅੱਗੇ ਤੋਰਿਆ। ਉਨ੍ਹਾਂ 1997 ਤੋ ਯੂਥ ਅਕਾਲੀ ਦਲ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਸੇਵਾਵਾਂ ਨਿਭਾਉਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਜਥੇਬੰਦੀ ‘ਪੰਥਕ ਲਹਿਰ’ ਨਾਲ ਜੁੜ ਕੇ ਪੰਥਕ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ।
ਮੌਜੂਦਾ ਰਾਜਨੀਤਕ ਦੌਰ ਵਿੱਚ ‘ਵਾਰਿਸ ਪੰਜਾਬ ਦੇ ਅਕਾਲੀ ਦਲ’ ਵੱਲੋਂ ਭਾਈ ਰਣਜੀਤ ਸਿੰਘ ਨਾਲ ਮੁਲਾਕਾਤ ਕਰਕੇ ਆਉਣ ਵਾਲੀਆਂ ਚੋਣਾਂ ਲਈ ਸਹਿਯੋਗ ਮੰਗਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਭਾਈ ਰਣਜੀਤ ਸਿੰਘ ਵੱਲੋਂ ਆਪਣੇ ਨਜ਼ਦੀਕੀ ਸਾਥੀ ਗੁਰਵਿੰਦਰ ਸਿੰਘ ਡੂਮਛੇੜੀ ਦੀ ਦਾਅਵੇਦਾਰੀ ਨੂੰ ਪੂਰੀ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਗੁਰਵਿੰਦਰ ਸਿੰਘ ਡੂਮਛੇੜੀ ਦਾ ਨਿਊ ਚੰਡੀਗੜ੍ਹ ਅਤੇ ਖਰੜ ਦੇ ਆਸ-ਪਾਸ ਦੇ ਪਿੰਡਾਂ ਵਿੱਚ ਵੱਡਾ ਜਨਤਕ ਅਧਾਰ ਹੈ। ਸ਼ਹੀਦ ਪਰਿਵਾਰ ਨਾਲ ਸਬੰਧ ਹੋਣ ਕਾਰਨ ਇਲਾਕੇ ਵਿੱਚ ਉਨ੍ਹਾਂ ਪ੍ਰਤੀ ਵਿਸ਼ੇਸ਼ ਸਤਿਕਾਰ ਦੀ ਭਾਵਨਾ ਹੈ। ‘ਵਾਰਿਸ ਪੰਜਾਬ ਦੇ ਅਕਾਲੀ ਦਲ’ ਦੀ ਲੀਡਰਸ਼ਿਪ ਵੱਲੋਂ ਸ਼ਹੀਦ ਪਰਿਵਾਰਾਂ ਨੂੰ ਅੱਗੇ ਲਿਆਉਣ ਦੀ ਨੀਤੀ ਤਹਿਤ ਵੀ ਉਨ੍ਹਾਂ ਦਾ ਪਲੜਾ ਕਾਫੀ ਭਾਰਾ ਮੰਨਿਆ ਜਾ ਰਿਹਾ ਹੈ।
ਖਰੜ ਹਲਕੇ ਵਿੱਚ ਉਨ੍ਹਾਂ ਦੇ ਮੁਕਾਬਲੇ ਦੂਜੇ ਦਾਅਵੇਦਾਰ ਉਸ ਪੱਧਰ ਦੀ ਮਜ਼ਬੂਤੀ ਨਹੀਂ ਰੱਖਦੇ, ਜਿਸ ਕਾਰਨ ਸ. ਡੂਮਛੇੜੀ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਸਖ਼ਤ ਟੱਕਰ ਦੇਣ ਦੀ ਪੂਰੀ ਸਮਰੱਥਾ ਰੱਖਦੇ ਹਨ।
ਸ਼ਹੀਦ ਪਰਿਵਾਰ ਦੇ ਵਾਰਿਸ ਹੋਣ ਅਤੇ ਸਾਫ਼-ਸੁਥਰੇ ਪੰਥਕ ਅਕਸ ਕਾਰਨ ਖਰੜ ਹਲਕੇ ਦੀ ਸਿਆਸਤ ਵਿੱਚ ਇਹ ਦਾਅਵੇਦਾਰੀ ਆਉਣ ਵਾਲੇ ਦਿਨਾਂ ਵਿੱਚ ਵੱਡਾ ਉਲਟਫੇਰ ਕਰ ਸਕਦੀ ਹੈ।
The post ਖਰੜ ਹਲਕੇ ਤੋਂ ਪੰਥਕ ਸਿਆਸਤ ਵਿੱਚ ਗਰਮਾਹਟ: ਸ਼ਹੀਦ ਸ਼ੇਰ ਸਿੰਘ ਡੂਮਛੇੜੀ ਦੇ ਸਪੁੱਤਰ ਗੁਰਵਿੰਦਰ ਡੂਮਛੇੜੀ ਬਣੇ ਮਜ਼ਬੂਤ ਦਾਅਵੇਦਾਰ appeared first on Desh Click.