ਹਰਿਆਣਾ, 03 ਨਵੰਬਰ 2026: ਹਰਿਆਣਾ ਦੇ ਖੁਰਾਕ, ਨਾਗਰਿਕ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਰਾਜੇਸ਼ ਨਾਗਰ ਨੇ ਗ੍ਰੇਟਰ ਫਰੀਦਾਬਾਦ ਨੂੰ ਐੱਨ.ਆਈ.ਟੀ. ਫਰੀਦਾਬਾਦ ਨਾਲ ਜੋੜਨ ਵਾਲੇ ਲਗਭਗ 753 ਕਰੋੜ ਰੁਪਏ ਦੀ ਲਾਗਤ ਦੇ ਮਹੱਤਵਾਕਾਂਖੀ ਐਲੀਵੇਟਿਡ ਫਲਾਈਓਵਰ ਪ੍ਰੋਜੈਕਟ ਨੂੰ ਮਨਜ਼ੂਰੀ ਮਿਲਣ ‘ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਨਾਗਰ ਨੇ ਕਿਹਾ ਕਿ ਇਹ ਪ੍ਰੋਜੈਕਟ ਫਰੀਦਾਬਾਦ ਦੇ ਵਿਕਾਸ ਅਤੇ ਬਿਹਤਰ ਆਵਾਜਾਈ ਵਿਵਸਥਾ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਕਦਮ ਸਾਬਤ ਹੋਵੇਗਾ। ਇਸ ਨਾਲ ਗ੍ਰੇਟਰ ਫਰੀਦਾਬਾਦ ਦੀ ਕਨੈਕਟੀਵਿਟੀ ਨਾ ਕੇਵਲ ਐੱਨ.ਆਈ.ਟੀ. ਖੇਤਰ ਨਾਲ ਮਜ਼ਬੂਤ ਹੋਵੇਗੀ, ਸਗੋਂ ਗੁਰੂਗ੍ਰਾਮ ਵੱਲ ਆਵਾਜਾਈ ਵੀ ਪਹਿਲਾਂ ਨਾਲੋਂ ਵਧੇਰੇ ਸੁਚਾਰੂ ਅਤੇ ਸੁਵਿਧਾਜਨਕ ਹੋ ਸਕੇਗੀ। ਇਸ ਪ੍ਰੋਜੈਕਟ ਦਾ ਟੈਂਡਰ 17 ਦਸੰਬਰ ਨੂੰ ਪ੍ਰਸਤਾਵਿਤ ਹੈ, ਜਿਸ ਨਾਲ ਇਸ ਦੇ ਧਰਾਤਲ ‘ਤੇ ਉਤਰਨ ਦਾ ਰਾਹ ਪੱਧਰਾ ਹੋਵੇਗਾ।
ਮੰਤਰੀ ਨੇ ਕਿਹਾ ਕਿ ਇਸ ਮਹੱਤਵਪੂਰਨ ਪ੍ਰੋਜੈਕਟ ਦੀ ਮੰਗ ਉਨ੍ਹਾਂ ਨੇ ਵਿਧਾਇਕ ਰਹਿੰਦਿਆਂ ਤਤਕਾਲੀ ਮੁੱਖ ਮੰਤਰੀ ਮਨੋਹਰ ਲਾਲ ਦੇ ਸਾਹਮਣੇ ਚੁੱਕੀ ਸੀ। ਉਨ੍ਹਾਂ ਦਾ ਉਦੇਸ਼ ਸੀ ਕਿ ਤੇਜ਼ੀ ਨਾਲ ਵਿਕਸਿਤ ਹੋ ਰਹੇ ਗ੍ਰੇਟਰ ਫਰੀਦਾਬਾਦ ਨੂੰ ਸ਼ਹਿਰ ਦੇ ਪੁਰਾਣੇ ਹਿੱਸਿਆਂ ਅਤੇ ਮੁੱਖ ਮਾਰਗਾਂ ਨਾਲ ਸਿੱਧਾ ਜੋੜਿਆ ਜਾਵੇ, ਤਾਂ ਜੋ ਲੋਕਾਂ ਨੂੰ ਜਾਮ ਅਤੇ ਲੰਬੀ ਦੂਰੀ ਦੀ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ। ਅੱਜ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਅਤੇ ਹਾਂਪੱਖੀ ਸੋਚ ਨਾਲ ਇਹ ਯਤਨ ਸਾਕਾਰ ਹੋਣ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੈਨਿਕ ਕਾਲੋਨੀ ਮੋੜ ਤੋਂ ਗ੍ਰੇਟਰ ਫਰੀਦਾਬਾਦ ਅਤੇ ਅੰਮ੍ਰਿਤਾ ਹਸਪਤਾਲ ਤੱਕ ਪ੍ਰਸਤਾਵਿਤ ਐਲੀਵੇਟਿਡ ਕੌਰੀਡੋਰ ਨਾਲ ਬੜਖਲ, ਅਨਖੀਰ, ਮਸਜਿਦ ਚੌਂਕ, ਪਿਆਲੀ-ਹਾਰਡਵੇਅਰ ਅਤੇ ਬਾਟਾ ਚੌਂਕ ਵਰਗੇ ਮੁੱਖ ਖੇਤਰਾਂ ਵਿੱਚ ਟ੍ਰੈਫਿਕ ਦਾ ਦਬਾਅ ਘੱਟ ਹੋਵੇਗਾ। ਪ੍ਰੋਜੈਕਟ ਦੇ ਤਹਿਤ ਵੱਖ-ਵੱਖ ਥਾਵਾਂ ‘ਤੇ ਫਲਾਈਓਵਰ ਅਤੇ ਅੰਡਰਪਾਸ ਵੀ ਬਣਾਏ ਜਾਣਗੇ।
ਰਾਜੇਸ਼ ਨਾਗਰ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਫਰੀਦਾਬਾਦ ਸਮੇਤ ਪੂਰੇ ਹਰਿਆਣਾ ਦੇ ਸੰਤੁਲਿਤ ਵਿਕਾਸ ਲਈ ਲਗਾਤਾਰ ਕੰਮ ਕਰ ਰਹੇ ਹਨ। ਇਹ ਪ੍ਰੋਜੈਕਟ ਆਉਣ ਵਾਲੇ ਸਾਲਾਂ ‘ਚ ਲੱਖਾਂ ਲੋਕਾਂ ਲਈ ਆਵਾਜਾਈ ਨੂੰ ਆਸਾਨ ਬਣਾਉਣ ਦੇ ਨਾਲ-ਨਾਲ ਉਦਯੋਗਿਕ, ਵਪਾਰਕ ਅਤੇ ਸ਼ਹਿਰੀ ਵਿਕਾਸ ਨੂੰ ਵੀ ਨਵੀਂ ਗਤੀ ਪ੍ਰਦਾਨ ਕਰੇਗਾ। ਉਨ੍ਹਾਂ ਨੇ ਇਸ ਦੂਰਅੰਦੇਸ਼ੀ ਫੈਸਲੇ ਲਈ ਮੁੱਖ ਮੰਤਰੀ ਅਤੇ ਹਰਿਆਣਾ ਸਰਕਾਰ ਦਾ ਮੁੜ ਧੰਨਵਾਦ ਕੀਤਾ।
Read More: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋ ਕੁਰੂਕਸ਼ੇਤਰ ‘ਚ ਸਵਾਮੀ ਸ਼ਰਧਾਨੰਦ ਜੀ ਦੇ ਜੀਵਨ, ਬਲੀਦਾਨ ਤੇ ਰਾਸ਼ਟਰ ਪ੍ਰਤੀ ਸੇਵਾ ਨੂੰ ਸ਼ਰਧਾਂਜਲੀ ਭੇਟ