- ਪੁਲਿਸ ਦੀ ਤੁਰੰਤ ਕਾਰਵਾਈ: ਸਾਈਬਰ ਧੋਖਾਧੜੀ ਦੇ ਪੀੜਤ ਨੂੰ ₹2.15 ਲੱਖ ਦੀ ਰਕਮ ਵਾਪਸ ਕਰਵਾਈ
ਬਠਿੰਡਾ, 27 ਅਕਤੂਬਰ (ਦੇਸ਼ ਕਲਿੱਕ ਬਿਊਰੋ): ਬਠਿੰਡਾਪੁਲਿਸ ਦੇ ਸਾਈਬਰ ਕ੍ਰਾਈਮ ਥਾਣੇ ਵੱਲੋਂ ਤੁਰੰਤ ਅਤੇ ਸੰਵੇਦਨਸ਼ੀਲ ਕਾਰਵਾਈ ਕਰਦਿਆਂ ਸਾਈਬਰ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਪੀੜਤ ਨੂੰ ₹2,15,000 ਦੀ ਰਕਮ ਰਿਫੰਡ ਕਰਵਾਈ ਗਈ। ਇਹ ਰਕਮ ਪੀੜਤ ਦੀ ਮਿਹਨਤ ਦੀ ਕਮਾਈ ਸੀ, ਜਿਸ ਦੇ ਵਾਪਸ ਮਿਲਣ ਨਾਲ ਉਸ ਨੂੰ ਵੱਡੀ ਰਾਹਤ ਮਿਲੀ।
ਪ੍ਰਾਪਤ ਜਾਣਕਾਰੀ ਅਨੁਸਾਰ, ਇੱਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਮੋਬਾਈਲ ਫੋਨ ’ਤੇ ਇੱਕ APK ਫਾਇਲ ਆਈ ਸੀ। ਫਾਇਲ ’ਤੇ ਕਲਿਕ ਕਰਦੇ ਹੀ ਉਸ ਦਾ ਫੋਨ ਹੈਕ ਹੋ ਗਿਆ, ਜਿਸ ਤੋਂ ਬਾਅਦ ਉਸ ਦੇ ਕ੍ਰੈਡਿਟ ਕਾਰਡ ਰਾਹੀਂ 8 ਵੱਖ-ਵੱਖ ਲੈਣ-ਦੇਣ ਕੀਤੇ ਗਏ। ਇਸ ਦੌਰਾਨ ਕੁੱਲ ₹2,30,000 ਦੀ ਧੋਖਾਧੜੀ ਹੋਈ, ਜਿਸ ਕਾਰਨ ਪੀੜਤ ਅਤੇ ਉਸ ਦਾ ਪਰਿਵਾਰ ਗਹਿਰੀ ਚਿੰਤਾ ਵਿੱਚ ਪੈ ਗਿਆ।
ਸ਼ਿਕਾਇਤ ਮਿਲਣ ਤੋਂ ਬਾਅਦ ਸਾਈਬਰ ਕ੍ਰਾਈਮ ਥਾਣਾ, ਬਠਿੰਡਾ ਦੀ ਪੁਲਿਸ ਟੀਮ ਨੇ ਬਿਨਾਂ ਦੇਰੀ ਕੀਤੇ ਤੁਰੰਤ ਕਾਰਵਾਈ ਸ਼ੁਰੂ ਕੀਤੀ ਅਤੇ Amazon Pay ਨਾਲ ਪੱਤਰ ਵਿਹਾਰ ਕੀਤਾ। ਪੁਲਿਸ ਦੇ ਲਗਾਤਾਰ ਯਤਨਾਂ ਅਤੇ ਸਮੇਂ ਸਿਰ ਕੀਤੀ ਕਾਰਵਾਈ ਸਦਕਾ ਪੀੜਤ ਨੂੰ ₹2,15,000 ਦੀ ਰਕਮ ਵਾਪਸ ਕਰਵਾਈ ਗਈ। ਬਠਿੰਡਾ ਪੁਲਿਸ ਦੀ ਇਸ ਕਾਰਵਾਈ ਨੇ ਇੱਕ ਪਰਿਵਾਰ ਨੂੰ ਵੱਡੇ ਆਰਥਿਕ ਨੁਕਸਾਨ ਅਤੇ ਮਾਨਸਿਕ ਪਰੇਸ਼ਾਨੀ ਤੋਂ ਬਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਬਠਿੰਡਾ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵਿਆਹ ਦੇ ਕਾਰਡਾਂ, ਤਿਉਹਾਰਾਂ ਦੀਆਂ ਵਧਾਈਆਂ, ਚਲਾਨ, ਡਿਲਿਵਰੀ ਜਾਂ ਇਨਾਮਾਂ ਦੇ ਨਾਂ ’ਤੇ ਆਉਣ ਵਾਲੀਆਂ ਅਣਜਾਣ APK ਫਾਇਲਾਂ ਅਤੇ ਲਿੰਕਾਂ ’ਤੇ ਕਲਿਕ ਨਾ ਕਰਨ। ਅਜਿਹੀਆਂ APK ਫਾਇਲਾਂ ’ਤੇ ਕਲਿਕ ਕਰਨ ਨਾਲ ਸਾਈਬਰ ਠੱਗ ਤੁਹਾਡੇ ਮੋਬਾਈਲ ਤੱਕ ਪਹੁੰਚ ਬਣਾ ਕੇ ਤੁਹਾਡੇ ਕ੍ਰੈਡਿਟ ਕਾਰਡ ਰਾਹੀਂ ਗੈਰ-ਅਧਿਕਾਰਤ ਲੈਣ-ਦੇਣ ਕਰ ਸਕਦੇ ਹਨ ਅਤੇ ਤੁਹਾਡੇ ਬੈਂਕ ਖਾਤੇ ਵਿੱਚੋਂ ਵੀ ਪੈਸੇ ਕਢਵਾ ਸਕਦੇ ਹਨ। ਇਸ ਲਈ ਅਜਿਹੀਆਂ ਫਾਇਲਾਂ ਨੂੰ ਇੰਸਟਾਲ ਕਰਨ ਜਾਂ ਅੱਗੇ ਭੇਜਣ ਤੋਂ ਪਹਿਲਾਂ ਉਨ੍ਹਾਂ ਦੀ ਪੁਸ਼ਟੀ ਜ਼ਰੂਰ ਕਰੋ।
ਕਿਸੇ ਵੀ ਤਰ੍ਹਾਂ ਦੀ ਸਾਈਬਰ ਧੋਖਾਧੜੀ ਹੋਣ ’ਤੇ ਤੁਰੰਤ 1930 ’ਤੇ ਕਾਲ ਕਰੋ ਜਾਂ www.cybercrime.gov.in ’ਤੇ ਸ਼ਿਕਾਇਤ ਦਰਜ ਕਰਵਾਓ।
ਬਠਿੰਡਾ ਪੁਲਿਸ — ਤੁਹਾਡੀ ਮਿਹਨਤ ਦੀ ਕਮਾਈ ਦੀ ਸੁਰੱਖਿਆ ਲਈ ਵਚਨਬੱਧ।
The post ਪੁਲਿਸ ਦੀ ਤੁਰੰਤ ਕਾਰਵਾਈ: ਸਾਈਬਰ ਧੋਖਾਧੜੀ ਦੇ ਪੀੜਤ ਨੂੰ ₹2.15 ਲੱਖ ਦੀ ਰਕਮ ਵਾਪਸ ਕਰਵਾਈ appeared first on Desh Click.