ਪੰਜਾਬ ਭਾਜਪਾ ਦੇ ਵਫ਼ਦ ਨੇ ਵਾਰਡਬੰਦੀ ਮਾਮਲੇ ‘ਚ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ


ਚੰਡੀਗੜ੍ਹ, 02 ਜਨਵਰੀ 2026: ਭਾਜਪਾ ਪੰਜਾਬ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਦੀ ਅਗਵਾਈ ‘ਚ ਇੱਕ ਪਾਰਟੀ ਵਫ਼ਦ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਵਾਰਡਬੰਦੀ ਪ੍ਰਕਿਰਿਆ ‘ਚ ਤੁਰੰਤ ਦਖਲ ਦੇਣ ਦੀ ਮੰਗ ਕਰਦੇ ਹੋਏ ਇੱਕ ਮੰਗ ਪੱਤਰ ਸੌਂਪਿਆ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪੰਜਾਬ ‘ਚ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀ ਹੱਦਬੰਦੀ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਦੋਸ਼ ਲਗਾਏ ਹਨ

ਭਾਜਪਾ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਸੂਬੇ ਭਰ ‘ਚ ਵਾਰਡਬੰਦੀ ਪ੍ਰਕਿਰਿਆ ਨੂੰ ਮਨਮਾਨੇ, ਜਲਦਬਾਜ਼ੀ ਅਤੇ ਗੈਰ-ਕਾਨੂੰਨੀ ਢੰਗ ਨਾਲ ਕਰ ਰਹੀ ਹੈ, ਜਿਸ ਨਾਲ ਆਮ ਲੋਕਾਂ ‘ਚ ਭੰਬਲਭੂਸਾ, ਪ੍ਰੇਸ਼ਾਨੀ ਅਤੇ ਅਸੁਰੱਖਿਆ ਪੈਦਾ ਹੋ ਰਹੀ ਹੈ।

ਪੰਜਾਬ ਭਾਜਪਾ ਪਾਰਟੀ ਦੇ ਮੁਤਾਬਕ ਇਹ ਪੂਰੀ ਪ੍ਰਕਿਰਿਆ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਨ ਦੀ ਬਜਾਏ ਰਾਜਨੀਤਿਕ ਲਾਭ ਲਈ ਕੀਤੀ ਜਾ ਰਹੀ ਹੈ। ਅਸ਼ਵਨੀ ਸ਼ਰਮਾ ਦੀ ਅਗਵਾਈ ‘ਚ ਮਨੋਰੰਜਨ ਕਾਲੀਆ, ਵਿਨੀਤ ਜੋਸ਼ੀ, ਕੇਵਲ ਸਿੰਘ ਢਿੱਲੋਂ ਅਤੇ ਪਰਮਿੰਦਰ ਸਿੰਘ ਬਰਾੜ ਦੇ ਨਾਲ, ਵਫ਼ਦ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਇਸ ਮਾਮਲੇ ਸਬੰਧੀ ਇੱਕ ਮੰਗ ਪੱਤਰ ਸੌਂਪਿਆ।

ਮੰਗ ਪੱਤਰ ‘ਚ ਕਿਹਾ ਹੈ ਕਿ ਵਾਰਡਾਂ ਦੀ ਹੱਦਬੰਦੀ ਘਰ-ਘਰ ਜਾ ਕੇ ਕੀਤੇ ਗਏ ਸਰਵੇਖਣ ਤੋਂ ਬਿਨਾਂ ਕੀਤੀ ਗਈ ਸੀ। ਪ੍ਰਸਤਾਵਿਤ ਵਾਰਡਾਂ ‘ਚ ਦਰਸਾਏ ਗਏ ਆਬਾਦੀ ਦੇ ਅੰਕੜੇ ਲਗਭਗ ਸਾਰੇ ਸ਼ਹਿਰੀ ਸੰਸਥਾਵਾਂ ‘ਚ ਇੱਕ ਅਸਾਧਾਰਨ ਅਤੇ ਅਣਜਾਣ ਕਮੀ ਦਰਸਾਉਂਦੇ ਹਨ।