ਨਵੀਂ ਦਿੱਲੀ: ਭਾਰਤ ਅਤੇ ਯੂਰਪੀ ਸੰਘ (EU) ਵਿਚਾਲੇ ਵਪਾਰਕ ਸਬੰਧਾਂ ਨੂੰ ਨਵੀਂ ਦਿਸ਼ਾ ਮਿਲਣ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਸੰਬਰ ਮਹੀਨੇ ਵਿੱਚ ਬੈਲਜੀਅਮ ਦੀ ਰਾਜਧਾਨੀ ਬ੍ਰਸੇਲਜ਼ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਭਾਰਤ ਅਤੇ ਯੂਰਪੀ ਸੰਘ ਵਿਚਾਲੇ ਹੋਣ ਵਾਲੇ ਮੁਕਤ ਵਪਾਰ ਸਮਝੌਤੇ (FTA) ’ਤੇ ਰਸਮੀ ਤੌਰ ’ਤੇ ਦਸਤਖ਼ਤ ਕਰਨਗੇ।
ਇਸ ਸਬੰਧੀ ਯੂਰਪੀ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਨੇ ਵੀਰਵਾਰ ਨੂੰ ਐਲਾਨ ਕੀਤਾ। ਉਨ੍ਹਾਂ ਨੇ ਕੈਨੇਡਾ ਦੇ ਮਾਂਟਰੀਅਲ ਵਿੱਚ ਮਾਂਟਰੀਅਲ ਕੌਂਸਲ ਆਨ ਫਾਰੇਨ ਰਿਲੇਸ਼ਨਜ਼ ਵੱਲੋਂ ਕਰਵਾਏ ਗਏ ਇੱਕ ਸਮਾਗਮ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਸੰਬਰ ਵਿੱਚ ਸਮਝੌਤੇ ’ਤੇ ਦਸਤਖ਼ਤ ਕਰਨ ਲਈ ਬ੍ਰਸੇਲਜ਼ ਪਹੁੰਚਣਗੇ।
ਇਹ ਦੌਰਾ ਭਾਰਤ ਅਤੇ ਯੂਰਪੀ ਸੰਘ ਵਿਚਾਲੇ ਆਰਥਿਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਵੱਲ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਇਸ ਸਮਝੌਤੇ ਦਾ ਮੁੱਖ ਮਕਸਦ ਭਾਰਤ ਅਤੇ ਯੂਰਪੀ ਸੰਘ ਦੇ 27 ਮੈਂਬਰ ਦੇਸ਼ਾਂ ਵਿਚਾਲੇ ਵਪਾਰ ਅਤੇ ਆਰਥਿਕ ਸਹਿਯੋਗ ਦਾ ਵਿਸਥਾਰ ਕਰਨਾ ਹੈ।
ਦੱਸਿਆ ਜਾ ਰਿਹਾ ਹੈ ਕਿ ਭਾਰਤ ਅਤੇ ਯੂਰਪੀ ਸੰਘ ਵਿਚਾਲੇ ਇਸ ਸਮਝੌਤੇ ਨੂੰ ਲੈ ਕੇ ਗੱਲਬਾਤ ਇਸ ਸਾਲ ਦੇ ਸ਼ੁਰੂ ਵਿੱਚ ਹੋਈ ਸੀ। ਪ੍ਰਧਾਨ ਮੰਤਰੀ ਮੋਦੀ ਦਾ ਇਹ ਦੌਰਾ 17 ਦਸੰਬਰ ਨੂੰ ਬ੍ਰਸੇਲਜ਼ ਵਿੱਚ ਸ਼ੁਰੂ ਹੋਣ ਵਾਲੀ ਯੂਰਪੀ ਆਗੂਆਂ ਦੀ ਮੀਟਿੰਗ ਤੋਂ ਠੀਕ ਪਹਿਲਾਂ ਹੋਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਐਂਟੋਨੀਓ ਕੋਸਟਾ ਇਨ੍ਹੀਂ ਦਿਨੀਂ ਮਾਂਟਰੀਅਲ ਵਿੱਚ ਹਨ, ਜਿੱਥੇ ਉਹ ਯੂਰਪੀ ਸੰਘ ਅਤੇ ਕੈਨੇਡਾ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਕਰਵਾਏ ਜਾ ਰਹੇ ਦੋ ਰੋਜ਼ਾ ਸੰਮੇਲਨ ਵਿੱਚ ਹਿੱਸਾ ਲੈ ਰਹੇ ਹਨ।
The post ਭਾਰਤ-EU ਵਿਚਾਲੇ ਵੱਡੀ ਵਪਾਰਕ ਡੀਲ, ਦਸੰਬਰ ’ਚ ਮੋਦੀ ਕਰਨਗੇ ਦਸਤਖ਼ਤ appeared first on Charhdikala.