ਵੱਡੀ ਖ਼ਬਰ: ਲੁਧਿਆਣਾ ’ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ


 

ਵੱਡੀ ਖ਼ਬਰ: ਲੁਧਿਆਣਾ ’ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਲੁਧਿਆਣਾ, 8 ਅਗਸਤ 2026- ਲੁਧਿਆਣਾ ਦੇ ਸਵਤੰਤਰ ਨਗਰ ਇਲਾਕੇ ਵਿੱਚ ਦੇਰ ਰਾਤ ਪੁਰਾਣੀ ਰੰਜਿਸ਼ ਦੇ ਚੱਲਦਿਆਂ 25 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ ਵਜੋਂ ਹੋਈ ਹੈ। ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਜਾਣਕਾਰੀ ਅਨੁਸਾਰ ਇਹ ਘਟਨਾ ਰਾਤ ਕਰੀਬ 12 ਵਜੇ ਵਾਪਰੀ। ਹਰਜਿੰਦਰ ਸਿੰਘ ਆਪਣੇ ਇੱਕ ਦੋਸਤ ਦੀ ਐਕਟਿਵਾ ਉਸਦੇ ਘਰ ਛੱਡਣ ਲਈ ਗਿਆ ਸੀ। ਇਸੇ ਦੌਰਾਨ ਕਾਰ ਸਵਾਰ 5-6 ਵਿਅਕਤੀਆਂ ਨੇ ਉਸਨੂੰ ਘੇਰ ਲਿਆ। ਹਮਲਾਵਰਾਂ ਨੇ ਪਹਿਲਾਂ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਦੌਰਾਨ ਹਰਜਿੰਦਰ ਨੂੰ ਪੰਜ ਗੋਲੀਆਂ ਲੱਗੀਆਂ, ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।

ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕੁਝ ਵਿਅਕਤੀ ਹਰਜਿੰਦਰ ਨਾਲ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ। ਇਸ ਤੋਂ ਬਾਅਦ ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ। ਪਰਿਵਾਰ ਮੁਤਾਬਕ ਹਰਜਿੰਦਰ ਸਿੰਘ ਘਰ ਦਾ ਇਕਲੌਤਾ ਪੁੱਤਰ ਸੀ। ਉਸਦੇ ਪਿਤਾ ਆਟੋ ਚਲਾਉਂਦੇ ਹਨ, ਜਦਕਿ ਮਾਂ ਘਰੇਲੂ ਔਰਤ ਹੈ। ਪੁੱਤਰ ਦੀ ਮੌਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਐਸਐਚਓ ਗਗਨਦੀਪ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਕਤਲ ਦਾ ਕਾਰਨ ਪੁਰਾਣੀ ਰੰਜਿਸ਼ ਸਾਹਮਣੇ ਆ ਰਿਹਾ ਹੈ। ਪੁਲਿਸ ਮੁਤਾਬਕ ਹਰਜਿੰਦਰ ਦੀ ਰਵੀ ਅਤੇ ਸੰਨੀ ਮਾਲਟਨ ਨਾਮਕ ਨੌਜਵਾਨਾਂ ਨਾਲ ਰੰਜਿਸ਼ ਚੱਲ ਰਹੀ ਸੀ। ਪੁਲਿਸ ਵੱਲੋਂ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

 

The post ਵੱਡੀ ਖ਼ਬਰ: ਲੁਧਿਆਣਾ ’ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ appeared first on Desh Click.