ਸਕੂਲ ’ਚ ਛੋਟੀ ਬੱਚੀ ਨਾਲ ਕੁੱਟਮਾਰ ਦਾ ਮਾਮਲਾ, 2 ਅਧਿਆਪਕ ਮੁਅੱਤਲ
ਚੰਡੀਗੜ੍ਹ, 1 ਨਵੰਬਰ 2026: ਹਰਿਆਣਾ ਦੇ ਪੰਚਕੂਲਾ ਸਥਿਤ ਇੱਕ ਸਕੂਲ ਵਿੱਚ ਛੋਟੀ ਬੱਚੀ ਨਾਲ ਕਥਿਤ ਕੁੱਟਮਾਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿੱਖਿਆ ਵਿਭਾਗ ਅਤੇ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਹਰਕਤ ਵਿੱਚ ਆ ਗਏ ਹਨ। ਹਰਿਆਣਾ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (HSCPCR) ਨੇ ਇਸ ਘਟਨਾ ਦਾ ਖੁਦ ਨੋਟਿਸ ਲੈਂਦਿਆਂ ਮਾਮਲੇ ਦੀ ਜਾਂਚ ਵੱਲ ਕਦਮ ਚੁੱਕਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਸਕੂਲ ਵਿੱਚ ਤੀਜੀ ਜਮਾਤ ਦੇ ਇੱਕ ਵਿਦਿਆਰਥੀ ਵੱਲੋਂ ਕਿੰਡਰਗਾਰਟਨ ਵਿੱਚ ਪੜ੍ਹਦੀ ਇੱਕ ਛੋਟੀ ਵਿਦਿਆਰਥਣ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ। ਘਟਨਾ ਸਾਹਮਣੇ ਆਉਣ ਤੋਂ ਬਾਅਦ ਸਕੂਲ ਪ੍ਰਬੰਧਨ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ।
ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਐਲੀਮੈਂਟਰੀ ਸਿੱਖਿਆ ਅਧਿਕਾਰੀ ਨੇ ਸਕੂਲ ਵਿੱਚ ਤਾਇਨਾਤ ਦੋ ਜੇਬੀਟੀ ਅਧਿਆਪਕਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਕੀਤੀਆਂ ਅਧਿਆਪਕਾਂ ਦੀ ਪਛਾਣ ਸਿਮਰਨਜੀਤ ਕੌਰ ਅਤੇ ਪੂਜਾ ਰਾਣੀ ਵਜੋਂ ਹੋਈ ਹੈ।
ਇਸ ਘਟਨਾ ਨੇ ਸਕੂਲਾਂ ਵਿੱਚ ਛੋਟੇ ਬੱਚਿਆਂ ਦੀ ਸੁਰੱਖਿਆ, ਅਧਿਆਪਕਾਂ ਦੀ ਨਿਗਰਾਨੀ ਅਤੇ ਸਕੂਲ ਪ੍ਰਬੰਧਨ ਦੀ ਜਵਾਬਦੇਹੀ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।
The post ਸਕੂਲ ’ਚ ਛੋਟੀ ਬੱਚੀ ਨਾਲ ਕੁੱਟਮਾਰ ਦਾ ਮਾਮਲਾ, 2 ਅਧਿਆਪਕ ਮੁਅੱਤਲ appeared first on Desh Click.