253 ਮਾਸਟਰ ਕਾਡਰ ਅਧਿਆਪਕਾਂ ਨੂੰ ਟਰਮੀਨੇਟ ਕਰਕੇ AAP ਸਰਕਾਰ ਨੇ ਦਿੱਤਾ ਦਿਵਾਲੀ ਦਾ ਤੋਹਫ਼ਾ


 

253 ਮਾਸਟਰ ਕਾਡਰ ਅਧਿਆਪਕਾਂ ਨੂੰ ਟਰਮੀਨੇਟ ਕਰਕੇ AAP ਸਰਕਾਰ ਨੇ ਦਿੱਤਾ ਦਿਵਾਲੀ ਦਾ ਤੋਹਫ਼ਾ

ਸ਼੍ਰੀ ਅਨੰਦਪੁਰ ਸਾਹਿਬ , 29 ਅਕਤੂਬਰ 2026: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਪਿਛਲੇ 10 ਦਿਨਾਂ ਤੋਂ ਧਰਨੇ ’ਤੇ ਬੈਠੇ 253 ਮਾਸਟਰ ਕਾਡਰ ਅਧਿਆਪਕਾਂ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ, ਜਦੋਂ ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਨੂੰ ਟਰਮੀਨੇਟ ਕਰਨ ਦੇ ਹੁਕਮ ਸਕੂਲਾਂ ਵਿੱਚ ਭੇਜ ਦਿੱਤੇ ਗਏ।

ਅਧਿਆਪਕ ਦਵਿੰਦਰ ਸਿੰਘ ਅਤੇ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸੇਵਾਵਾਂ ਨਿਭਾ ਰਹੇ ਸਨ। ਅਗਸਤ 2022 ਵਿੱਚ ਹੋਈ ਭਰਤੀ ਪ੍ਰੀਖਿਆ ਦਾ ਨਤੀਜਾ ਦਸੰਬਰ 2022 ਵਿੱਚ ਨਾਈਲੈਟ ਕੰਪਨੀ ਵੱਲੋਂ ਐਲਾਨਿਆ ਗਿਆ ਸੀ। ਜਨਵਰੀ 2023 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਸਨ।

ਉਨ੍ਹਾਂ ਦੱਸਿਆ ਕਿ ਉੱਤਰ ਕੁੰਜੀ ਵਿੱਚ ਗਲਤੀਆਂ ਦਾ ਮਾਮਲਾ ਹਾਈ ਕੋਰਟ ਵਿੱਚ ਪਹੁੰਚਣ ਤੋਂ ਬਾਅਦ ਅਦਾਲਤੀ ਆਦੇਸ਼ਾਂ ’ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਮੇਤ ਹੋਰ ਯੂਨੀਵਰਸਿਟੀਆਂ ਦੇ ਵਿਸ਼ਾ ਮਾਹਿਰਾਂ ਨੇ ਸੋਧੀ ਹੋਈ ਉੱਤਰ ਕੁੰਜੀ ਤਿਆਰ ਕੀਤੀ ਸੀ। ਇਸ ਦੇ ਆਧਾਰ ’ਤੇ ਨਵੀਂ ਚੋਣ ਸੂਚੀ ਬਣਾਈ ਗਈ ਅਤੇ ਮਈ 2023 ਵਿੱਚ ਅਧਿਆਪਕਾਂ ਨੂੰ ਸਕੂਲਾਂ ਵਿੱਚ ਤਾਇਨਾਤ ਕੀਤਾ ਗਿਆ।

ਅਧਿਆਪਕਾਂ ਦਾ ਦੋਸ਼ ਹੈ ਕਿ ਤਿੰਨ ਸਾਲ ਬਾਅਦ ਸੋਧੀ ਉੱਤਰ ਕੁੰਜੀ ਰੱਦ ਕਰਕੇ ਨਾਈਲੈਟ ਦੀ ਉੱਤਰ ਕੁੰਜੀ ਲਾਗੂ ਕੀਤੀ ਗਈ। ਮਈ 2026 ਵਿੱਚ ਕਾਰਨ ਦੱਸੋ ਨੋਟਿਸ ਜਾਰੀ ਕਰਨ ਮਗਰੋਂ 28 ਅਕਤੂਬਰ ਨੂੰ ਟਰਮੀਨੇਸ਼ਨ ਦੇ ਹੁਕਮ ਭੇਜ ਦਿੱਤੇ ਗਏ।

ਡੀਟੀਐੱਫ ਅਤੇ ਜੀਟੀਯੂ ਨੇ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਕਿ ਇਨਸਾਫ਼ ਨਾ ਮਿਲਣ ’ਤੇ ਸੰਘਰਸ਼ ਪੰਜਾਬ ਪੱਧਰ ’ਤੇ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਬਲਕਾਰ ਸਿੰਘ ਮਗਾਣੀਆ, ਕ੍ਰਿਸ਼ਨ ਸਿੰਘ, ਬਲਜਿੰਦਰ ਸਿੰਘ, ਰਾਜੂ ਸਿੰਘ ਸਮੇਤ ਸੈਂਕੜੇ ਅਧਿਆਪਕ ਹਾਜ਼ਰ ਸਨ।

The post 253 ਮਾਸਟਰ ਕਾਡਰ ਅਧਿਆਪਕਾਂ ਨੂੰ ਟਰਮੀਨੇਟ ਕਰਕੇ AAP ਸਰਕਾਰ ਨੇ ਦਿੱਤਾ ਦਿਵਾਲੀ ਦਾ ਤੋਹਫ਼ਾ appeared first on Desh Click.