ਲਹਿਰਾਗਾਗਾ ਹਾਦਸਾ: ਪੀੜ੍ਹਤਾਂ ਪਰਿਵਾਰਾਂ ਨੇ ਇਨਸਾਫ਼ ਲਈ ਲਾਇਆ ਧਰਨਾ
ਲਹਿਰਾਗਾਗਾ 19 ਅਕਤੂਬਰ 2026-
ਲਹਿਰਾਗਾਗਾ ਨੇੜਲੇ ਪਿੰਡ ਅਲੀਸ਼ੇਰ ਵਿਖੇ ਬੀਤੀ ਸ਼ਾਮ ਵਾਪਰੇ ਇਕ ਬੇਹੱਦ ਦਰਦਨਾਕ ਅਤੇ ਭਿਆਨਕ ਸੜਕ ਹਾਦਸੇ ਨੇ ਪੂਰੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸੜਕ ਕਿਨਾਰੇ ਕੰਮ ਕਰ ਰਹੇ ਮਨਰੇਗਾ ਮਜ਼ਦੂਰਾਂ ਨੂੰ ਇਕ ਬੇਕਾਬੂ ਤੇਜ਼ ਰਫ਼ਤਾਰ ਕਾਰ ਨੇ ਦਰੜ ਦਿੱਤਾ, ਜਿਸ ਕਾਰਨ 8 ਗਰੀਬ ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ ਲਗਭਗ 12 ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਸ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪੀੜਤ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਸ ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ, ਜ਼ਖ਼ਮੀਆਂ ਦੇ ਸਾਕ-ਸੰਬੰਧੀਆਂ ਅਤੇ ਪਿੰਡ ਅਲੀਸ਼ੇਰ ਦੇ ਨਿਵਾਸੀਆਂ ਨੇ ਹਾਦਸੇ ਵਾਲੀ ਥਾਂ ‘ਤੇ ਹੀ ਧਰਨਾ ਲਗਾ ਦਿੱਤਾ ਹੈ। ਧਰਨੇ ‘ਤੇ ਬੈਠੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਪੂਰਾ ਇਨਸਾਫ਼ ਨਹੀਂ ਮਿਲਦਾ ਅਤੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਮ੍ਰਿਤਕ ਮਜ਼ਦੂਰਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।
ਘਟਨਾ ਦੀ ਸੂਚਨਾ ਮਿਲਦੇ ਹੀ ਸਵੇਰੇ ਪੰਜਾਬ ਸਰਕਾਰ ਦੇ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਬਰਿੰਦਰ ਗੋਇਲ ਹਸਪਤਾਲ ਪਹੁੰਚੇ ਅਤੇ ਜ਼ਖ਼ਮੀਆਂ ਦਾ ਹਾਲ-ਚਾਲ ਜਾਣਿਆ। ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਆਰਥਿਕ ਮਦਦ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ, ਪੀੜਤ ਪਰਿਵਾਰਾਂ ਨੇ ਇਸ ਮਦਦ ਨੂੰ ਨਾਕਾਫ਼ੀ ਦੱਸਦਿਆਂ ਰੱਦ ਕਰ ਦਿੱਤਾ ਹੈ।
ਪਰਿਵਾਰਾਂ ਦਾ ਕਹਿਣਾ ਹੈ ਕਿ ਮਾਰੇ ਗਏ ਮਜ਼ਦੂਰ ਹੀ ਆਪਣੇ ਘਰਾਂ ਦੇ ਇੱਕੋ-ਇੱਕ ਕਮਾਊ ਜੀਅ ਸਨ, ਜੋ ਦਿਹਾੜੀ-ਦੱਪਾ ਕਰਕੇ ਆਪਣੇ ਛੋਟੇ-ਛੋਟੇ ਬੱਚਿਆਂ ਅਤੇ ਪਰਿਵਾਰ ਦਾ ਪੇਟ ਪਾਲਦੇ ਸਨ। ਉਨ੍ਹਾਂ ਦੀ ਮੌਤ ਨਾਲ ਕਈ ਪਰਿਵਾਰ ਪੂਰੀ ਤਰ੍ਹਾਂ ਬਰਬਾਦ ਹੋ ਗਏ ਹਨ। ਪਰਿਵਾਰਾਂ ਨੇ ਮੰਗ ਕੀਤੀ ਹੈ ਕਿ, ਮ੍ਰਿਤਕਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਹਰੇਕ ਮ੍ਰਿਤਕ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਮਜ਼ਦੂਰਾਂ ਨੂੰ 20-20 ਲੱਖ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜਾਵੇ।
The post ਲਹਿਰਾਗਾਗਾ ਹਾਦਸਾ: ਪੀੜ੍ਹਤਾਂ ਪਰਿਵਾਰਾਂ ਨੇ ਇਨਸਾਫ਼ ਲਈ ਲਾਇਆ ਧਰਨਾ appeared first on Desh Click.