ਸੂਰਜਕੁੰਡ ਦੀਵਾਲੀ ਮੇਲੇ ਰਾਹੀਂ ਸਵਦੇਸ਼ੀ ਉਤਪਾਦਾਂ ਤੇ ਕਾਰੀਗਰਾਂ ਨੂੰ ਮਿਲ ਰਿਹਾ ਨਵਾਂ ਬਾਜ਼ਾਰ: CM ਨਾਇਬ ਸਿੰਘ ਸੈਣੀ


ਹਰਿਆਣਾ, 24 ਅਕਤੂਬਰ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਰਜਕੁੰਡ ਦੀਵਾਲੀ ਮੇਲਾ ਆਤਮਨਿਰਭਰ ਭਾਰਤ ਅਤੇ ਸਵਦੇਸ਼ੀ ਦੇ ਸੰਕਲਪ ਨੂੰ ਸਾਕਾਰ ਕਰਨ ਵਾਲੇ ਮਿਹਨਤਕਸ਼ਾਂ, ਕਾਰੀਗਰਾਂ ਅਤੇ ਕਲਾਕਾਰਾਂ ਨੂੰ ਨਵਾਂ ਬਾਜ਼ਾਰ ਉਪਲਬਧ ਕਰਵਾਉਣ ਦਾ ਇੱਕ ਸਾਰਥਕ ਯਤਨ ਹੈ। ਇਸ ਮੇਲੇ ਦਾ ਉਦੇਸ਼ ਸਥਾਨਕ ਉਤਪਾਦਾਂ ਨੂੰ ਬਿਨਾਂ ਕਿਸੇ ਵਿਚੋਲੇ ਦੇ ਸਿੱਧੇ ਗਾਹਕਾਂ ਤੱਕ ਪਹੁੰਚਾਉਣਾ ਅਤੇ ਕਾਰੀਗਰਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਉਚਿਤ ਲਾਭ ਦਿਵਾਉਣਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਥਾਨਕ ਉਤਪਾਦਾਂ ‘ਤੇ ਲੋਕਾਂ ਦਾ ਭਰੋਸਾ ਵਧੇਗਾ, ਤਾਂ ਕਾਰੀਗਰਾਂ ਨੂੰ ਨਵੇਂ ਗਾਹਕ ਮਿਲਣਗੇ ਅਤੇ ਉਨ੍ਹਾਂ ਦੇ ਕੰਮ ਨੂੰ ਅੱਗੇ ਵਧਾਉਣ ਦਾ ਉਤਸ਼ਾਹ ਵੀ ਵਧੇਗਾ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ੁੱਕਰਵਾਰ ਨੂੰ ਫਰੀਦਾਬਾਦ ਸਥਿਤ ਸੂਰਜਕੁੰਡ ਵਿਖੇ ਦੀਵਾਲੀ ਮੇਲੇ ਦੇ ਉਦਘਾਟਨ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ਸੈਰ-ਸਪਾਟਾ ਅਤੇ ਵਿਰਾਸਤ ਮੰਤਰੀ ਡਾ. ਅਰਵਿੰਦ ਸ਼ਰਮਾ ਸਮੇਤ ਕਈ ਪਤਵੰਤੇ ਵਿਅਕਤੀ ਮੌਜੂਦ ਸਨ। ਸਮਾਰੋਹ ਵਿੱਚ ਕਲਾਕਾਰਾਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ।

ਨਾਇਬ ਸਿੰਘ ਸੈਣੀ ਨੇ ਮੇਲੇ ਵਿੱਚ ਆਉਣ ਵਾਲੇ ਸਾਰੇ ਸੈਲਾਨੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਕਰਵਾ ਚੌਥ, ਅਹੋਈ ਅਸ਼ਟਮੀ, ਧਨਤੇਰਸ, ਦੀਵਾਲੀ, ਵਿਸ਼ਵਕਰਮਾ ਪੂਜਨ, ਗੋਵਰਧਨ ਪੂਜਨ, ਭਾਈ ਦੂਜ ਅਤੇ ਛਠ ਪੂਜਾ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ 23 ਤੋਂ 26 ਅਕਤੂਬਰ ਤੱਕ ਆਯੋਜਿਤ ਇਹ ਮੇਲਾ ਭਾਰਤੀ ਹਸਤਸ਼ਿਲਪ, ਲੋਕ ਸੱਭਿਆਚਾਰ ਅਤੇ ਵੱਖ-ਵੱਖ ਖੇਤਰਾਂ ਦੇ ਖਾਣ-ਪੀਣ ਦੀ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰੇਗਾ। ਇੱਥੇ ਆਉਣ ਵਾਲੇ ਪਰਿਵਾਰ ਦੇਸ਼ ਦੀਆਂ ਅਮੀਰ ਪਰੰਪਰਾਵਾਂ ਨੂੰ ਨੇੜਿਓਂ ਜਾਣ ਸਕਣਗੇ ਅਤੇ ਕਾਰੀਗਰਾਂ ਤੇ ਸ਼ਿਲਪਕਾਰਾਂ ਦੇ ਉਤਪਾਦ ਖਰੀਦਣ ਦਾ ਮੌਕਾ ਵੀ ਪ੍ਰਾਪਤ ਕਰਨਗੇ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2047 ਤੱਕ ਵਿਕਸਿਤ ਭਾਰਤ ਦੇ ਨਿਰਮਾਣ ਦਾ ਟੀਚਾ ਰੱਖਿਆ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਆਤਮਨਿਰਭਰਤਾ ਅਤੇ ‘ਵੋਕਲ ਫਾਰ ਲੋਕਲ’ ਨੂੰ ਜਨਭਾਗੀਦਾਰੀ ਨਾਲ ਜੋੜਨਾ ਜ਼ਰੂਰੀ ਹੈ। ਇਸ ਵਿੱਚ ਪਿੰਡਾਂ ਦੇ ਘੁਮਿਆਰਾਂ, ਬੁਣਕਰਾਂ, ਤਰਖਾਣਾਂ, ਛੋਟੇ ਦੁਕਾਨਦਾਰਾਂ ਅਤੇ ਮਹਿਲਾ ਉੱਦਮੀਆਂ ਦੀ ਅਹਿਮ ਭੂਮਿਕਾ ਹੈ। ਸੂਰਜਕੁੰਡ ਦਾ ਦੀਵਾਲੀ ਮੇਲਾ ਇਸ ਭਾਗੀਦਾਰੀ ਨੂੰ ਅੱਗੇ ਵਧਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ।

ਉਨ੍ਹਾਂ ਕਿਹਾ ਕਿ ਦੀਵਾਲੀ ਦੀ ਸਭ ਤੋਂ ਸੁੰਦਰ ਰੌਸ਼ਨੀ ਉਹ ਹੈ, ਜੋ ਸਾਡੇ ਘਰ ਦੇ ਨਾਲ-ਨਾਲ ਕਿਸੇ ਮਿਹਨਤਕਸ਼ ਪਰਿਵਾਰ ਦੇ ਘਰ ਨੂੰ ਵੀ ਰੌਸ਼ਨ ਕਰੇ। ਤਿਉਹਾਰਾਂ ਮੌਕੇ ਸਥਾਨਕ ਕਾਰੀਗਰਾਂ ਵੱਲੋਂ ਬਣਾਏ ਉਤਪਾਦ ਖਰੀਦਣ ਨਾਲ ਉਨ੍ਹਾਂ ਦੇ ਪਰਿਵਾਰਾਂ ਦੀ ਰੋਜ਼ੀ-ਰੋਟੀ ਨੂੰ ਸਹਾਰਾ ਮਿਲਦਾ ਹੈ। ਸਥਾਨਕ ਉਤਪਾਦਾਂ ਦੀ ਖਰੀਦਦਾਰੀ ਨਾਲ ਕਾਰੀਗਰਾਂ ਨੂੰ ਅਗਲਾ ਕੰਮ ਸ਼ੁਰੂ ਕਰਨ ਦੀ ਤਾਕਤ ਮਿਲਦੀ ਹੈ, ਕੱਚਾ ਮਾਲ ਖਰੀਦਣ ਵਿੱਚ ਮਦਦ ਮਿਲਦੀ ਹੈ ਅਤੇ ਉਨ੍ਹਾਂ ਨਾਲ ਕੰਮ ਕਰਨ ਵਾਲੇ ਹੋਰ ਲੋਕਾਂ ਲਈ ਵੀ ਰੁਜ਼ਗਾਰ ਦੇ ਮੌਕੇ ਪੈਦਾ ਹੁੰਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸਵਦੇਸ਼ੀ ਨੂੰ ਅਪਣਾਉਣ ਦਾ ਅਰਥ ਆਪਣੇ ਦੇਸ਼ ਦੀ ਪ੍ਰਤਿਭਾ ‘ਤੇ ਵਿਸ਼ਵਾਸ ਕਰਨਾ ਅਤੇ ਉਸ ਨੂੰ ਅੱਗੇ ਵਧਣ ਦਾ ਮੌਕਾ ਦੇਣਾ ਹੈ। ਭਾਰਤ ਵਿੱਚ ਬਣੇ ਚੰਗੇ ਉਤਪਾਦਾਂ ਨੂੰ ਆਪਣੇ ਜੀਵਨ ਵਿੱਚ ਸਥਾਨ ਦੇ ਕੇ ਅਸੀਂ ਆਪਣੇ ਕਾਰੀਗਰਾਂ ਦੇ ਹੁਨਰ ਅਤੇ ਮਿਹਨਤ ਦਾ ਸਨਮਾਨ ਕਰ ਸਕਦੇ ਹਾਂ। ਘਰ ਦੀ ਸਜਾਵਟ, ਪਹਿਰਾਵੇ ਅਤੇ ਤਿਉਹਾਰਾਂ ਦੇ ਤੋਹਫ਼ਿਆਂ ਵਿੱਚ ਭਾਰਤੀ ਹਸਤਸ਼ਿਲਪ ਨੂੰ ਤਰਜੀਹ ਦੇਣ ਨਾਲ ਕਾਰੀਗਰਾਂ ਦਾ ਆਤਮਵਿਸ਼ਵਾਸ ਵਧੇਗਾ ਅਤੇ ਉਹ ਆਪਣੇ ਉਤਪਾਦਾਂ ਨੂੰ ਹੋਰ ਬਿਹਤਰ ਬਣਾਉਣ ਲਈ ਪ੍ਰੇਰਿਤ ਹੋਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਸਾਂਝਾ ਬਾਜ਼ਾਰ ਸਥਾਪਿਤ ਕੀਤੇ ਜਾ ਰਹੇ ਹਨ। ਮਾਰਕੀਟਿੰਗ ਅਤੇ ਬ੍ਰਾਂਡਿੰਗ ਵਿੱਚ ਸਹਿਯੋਗ ਦੇਣ ਲਈ ਆਨਲਾਈਨ ਅਤੇ ਆਫਲਾਈਨ ਪਲੇਟਫਾਰਮ ਉਪਲਬਧ ਕਰਵਾਏ ਗਏ ਹਨ। ਹੁਣ ਤੱਕ ਸੂਬੇ ਵਿੱਚ 10 ਸਾਂਝਾ ਬਾਜ਼ਾਰ ਬਣਾਏ ਜਾ ਚੁੱਕੇ ਹਨ। ਇਸ ਦੇ ਨਾਲ ਹੀ ਹਰਿਆਣਾ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ ਤਹਿਤ ‘ਸਵਾਪਨ ਡਿਜੀਟਲ ਗ੍ਰਾਮ ਬਾਜ਼ਾਰ ਪੋਰਟਲ’ ਅਤੇ ‘ਸਾਂਝਾ ਬਾਜ਼ਾਰ ਸੇਲਜ਼ ਪੋਰਟਲ’ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਪੋਰਟਲਾਂ ‘ਤੇ ਰਜਿਸਟ੍ਰੇਸ਼ਨ ਕਰਵਾ ਕੇ ਕਾਰੀਗਰ ਅਤੇ ਸਵੈ-ਸਹਾਇਤਾ ਸਮੂਹ ਆਪਣੇ ਉਤਪਾਦ ਆਨਲਾਈਨ ਵੇਚ ਸਕਦੇ ਹਨ। ਆਨਲਾਈਨ ਬਾਜ਼ਾਰ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਖਲਾਈ ਦੇਣ ਦੀ ਵਿਵਸਥਾ ਵੀ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਸਵੈ-ਸਹਾਇਤਾ ਸਮੂਹ ਮਹਿਲਾਵਾਂ ਦੇ ਸਸ਼ਕਤੀਕਰਨ ਦਾ ਇੱਕ ਮਜ਼ਬੂਤ ਮਾਧਿਅਮ ਬਣ ਕੇ ਉੱਭਰੇ ਹਨ। ਇਨ੍ਹਾਂ ਸਮੂਹਾਂ ਦੇ ਉਤਪਾਦ ਸੂਬੇ ਭਰ ਵਿੱਚ ਆਪਣੀ ਪਛਾਣ ਬਣਾ ਰਹੇ ਹਨ। ਹਰਿਆਣਾ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ ਦੇ ਤਹਿਤ ਹੁਣ ਤੱਕ 67,641 ਸਵੈ-ਸਹਾਇਤਾ ਸਮੂਹਾਂ ਨਾਲ 6 ਲੱਖ ਤੋਂ ਵੱਧ ਪਰਿਵਾਰਾਂ ਨੂੰ ਜੋੜਿਆ ਜਾ ਚੁੱਕਾ ਹੈ। ਇਨ੍ਹਾਂ ਸਮੂਹਾਂ ਨੂੰ ਰਿਵਾਲਵਿੰਗ ਫੰਡ ਅਤੇ ਕਮਿਊਨਿਟੀ ਇਨਵੈਸਟਮੈਂਟ ਫੰਡ ਵਜੋ ਆਸਾਨ ਕਰਜ਼ੇ ਰਾਹੀਂ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਹੁਣ ਤੱਕ 596 ਕਰੋੜ ਰੁਪਏ ਦੀ ਵੱਖ-ਵੱਖ ਕਿਸਮ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ। ਕਮਿਊਨਿਟੀ ਇਨਵੈਸਟਮੈਂਟ ਫੰਡ ਦੀ ਰਕਮ ਨੂੰ 50 ਹਜ਼ਾਰ ਰੁਪਏ ਤੋਂ ਵਧਾ ਕੇ 1 ਲੱਖ 50 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੀ ਧਰਤੀ ਸੂਰਜਕੁੰਡ ਸ਼ਿਲਪ ਮੇਲੇ, ਕੁਰੂਕਸ਼ੇਤਰ ਦੇ ਅੰਤਰਰਾਸ਼ਟਰੀ ਗੀਤਾ ਮਹੋਤਸਵ ਅਤੇ ਪਿੰਜੌਰ ਦੇ ਅੰਬ ਉਤਸਵ ਵਰਗੇ ਸਮਾਗਮਾਂ ਰਾਹੀਂ ਦੇਸ਼-ਦੁਨੀਆ ਦੇ ਲੋਕਾਂ ਨੂੰ ਜੋੜਦੀ ਰਹੀ ਹੈ।