Strike by Punjab Roadways Punbus and PRTC employees deferred until October 29

Strike by Punjab Roadways Punbus and PRTC employees deferred until October 29






  • ਪੰਜਾਬ ਰੋਡਵੇਜ਼, ਪਨਬੱਸ ਤੇ PRTC ਮੁਲਾਜ਼ਮਾਂ ਦੀ ਹੜਤਾਲ 29 ਅਕਤੂਬਰ ਤੱਕ ਮੁਲਤਵੀ, ਬੱਸ ਸੇਵਾਵਾਂ ਹੋਣਗੀਆਂ ਬਹਾਲ
  • ਟਰਾਂਸਪੋਰਟ ਮੰਤਰੀ ਤੇ ਅਧਿਕਾਰੀਆਂ ਨਾਲ ਮੀਟਿੰਗ ’ਚ 7 ਮੰਗਾਂ ’ਤੇ ਬਣੀ ਸਹਿਮਤੀ
  • ਮਸਲੇ ਹੱਲ ਨਾ ਹੋਣ ’ਤੇ ਮੁੜ ਸੰਘਰਸ਼ ਦਾ ਐਲਾਨ

ਚੰਡੀਗੜ੍ਹ, 24 ਅਕਤੂਬਰ (ਦੇਸ਼ ਕਲਿੱਕ ਬਿਊਰੋ): ਪੰਜਾਬ ਰੋਡਵੇਜ਼, ਪਨਬੱਸ ਅਤੇ PRTC ਕੰਟਰੈਕਟ ਵਰਕਰ ਯੂਨੀਅਨ ਵੱਲੋਂ 21 ਅਕਤੂਬਰ ਤੋਂ ਜਾਰੀ ਅਣਮਿੱਥੇ ਸਮੇਂ ਦੀ ਹੜਤਾਲ ਅਤੇ ਧਰਨਾ ਪ੍ਰਦਰਸ਼ਨ ਫਿਲਹਾਲ 29 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਸ਼ਨੀਵਾਰ ਨੂੰ ਪਟਿਆਲਾ ਸਥਿਤ PRTC ਦੇ ਮੁੱਖ ਦਫ਼ਤਰ ਵਿੱਚ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਤੇ ਦੋਵਾਂ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਹੋਈ ਅਹਿਮ ਪੈਨਲ ਮੀਟਿੰਗ ਤੋਂ ਬਾਅਦ ਯੂਨੀਅਨ ਨੇ ਬੱਸ ਸੇਵਾਵਾਂ ਬਹਾਲ ਕਰਨ ਦਾ ਐਲਾਨ ਕੀਤਾ।

ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਮੁਲਾਜ਼ਮਾਂ ਦੀਆਂ ਕੁੱਲ 7 ਮੰਗਾਂ ’ਤੇ ਸਹਿਮਤੀ ਬਣੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ 29 ਅਕਤੂਬਰ ਤੋਂ ਪਹਿਲਾਂ ਮੰਗਾਂ ਦਾ ਹੱਲ ਕਰ ਦਿੰਦੀ ਹੈ ਤਾਂ ਠੀਕ ਹੈ, ਨਹੀਂ ਤਾਂ ਇਸ ਤੋਂ ਬਾਅਦ ਮੁੜ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਰੂਪ-ਰੇਖਾ ਦਾ ਐਲਾਨ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਮੁਲਾਜ਼ਮਾਂ ਦੀ ਹੜਤਾਲ 21 ਅਕਤੂਬਰ ਤੋਂ ਜਾਰੀ ਸੀ। ਹੁਣ ਮੀਟਿੰਗ ਤੋਂ ਬਾਅਦ ਇਸ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ, ਜਿਸ ਨਾਲ ਬੱਸ ਸੇਵਾਵਾਂ ਮੁੜ ਆਮ ਵਾਂਗ ਚੱਲਣ ਦੀ ਉਮੀਦ ਹੈ।