Punjab News: ਪ੍ਰਿੰਸੀਪਲਾਂ ਦੀਆਂ 60% ਅਸਾਮੀਆਂ ਖਾਲੀ-ਡੀ ਟੀ ਐਫ਼


 

Punjab News: ਪ੍ਰਿੰਸੀਪਲਾਂ ਦੀਆਂ 60% ਅਸਾਮੀਆਂ ਖਾਲੀ

ਅਖੌਤੀ ਸਿੱਖਿਆ ਕ੍ਰਾਂਤੀ ਦੀ ਹਵਾ ਕੱਢ ਰਹੀਆਂ ਹਨ ਹਜ਼ਾਰਾਂ ਖਾਲੀ ਅਸਾਮੀਆਂ-ਡੀ ਟੀ ਐਫ਼

ਚੰਡੀਗੜ੍ਹ, 26 ਅਕਤੂਬਰ 2026

ਇੱਕ ਵਾਰ ਫੇਰ ਪੰਜਾਬ ਸਰਕਾਰ ਅਖੌਤੀ ਸਿੱਖਿਆ ਕ੍ਰਾਂਤੀ ਦਾ ਢੋਲ ਵਜਾਉਣ ਦੀ ਤਿਆਰੀ ਕਰ ਰਹੀ ਹੈ|27 ਅਕਤੂਬਰ ਤੋਂ 3 ਨਵੰਬਰ ਤੱਕ ਸਕੂਲਾਂ ਵਿੱਚ ਆਪਣੇ ਰਾਜਨੀਤਕ ਮਨਸੂਬੇ ਪੂਰੇ ਕਰਨ ਲਈ ਸਿੱਖਿਆ ਕ੍ਰਾਂਤੀ ਦਾ ਡਰਾਮਾ ਕਰ ਰਹੀ ਹੈ ਪਰ ਸਰਕਾਰ ਦੀ ਇਸ ਅਖੌਤੀ ਸਿਖਿਆ ਕ੍ਰਾਂਤੀ ਦੀ ਫੂਕ ਸਕੂਲਾਂ ਵਿੱਚ ਖਾਲੀ ਪਈਆਂ ਹਜ਼ਾਰਾਂ ਪੋਸਟਾਂ ਕੱਢ ਰਹੀਆਂ ਹਨ|

ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬੇ ਦੇ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ 1927 ਵਿੱਚੋ 1153 ਪੋਸਟਾਂ ਖਾਲੀ ਪਈਆਂ ਹਨ |ਜਿਸ ਦੀ ਪ੍ਰਤੀਸ਼ਤਤਾ 60% ਬਣਦੀ ਹੈ|ਮਾਨਸਾ ਅਤੇ ਨਵਾਂ ਸ਼ਹਿਰ ਵਿੱਚ 80% ਸਕੂਲ ਬਿਨਾਂ ਪ੍ਰਿੰਸੀਪਲਾਂ ਤੋਂ ਚੱਲ ਰਹੇ ਹਨ|ਮੋਗਾ ਬਰਨਾਲਾ ਅਤੇ ਤਰਨਤਾਰਨ ਵਿੱਚ 75% ਤੋਂ ਵਧ ਸਕੂਲਾਂ ਵਿੱਚ ਪ੍ਰਿੰਸੀਪਲ ਨਹੀਂ ਹਨ|

ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ,ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿਤ ਸਕੱਤਰ ਜਸਵਿੰਦਰ ਬਠਿੰਡਾ,ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਆਗੂਆਂ ਨੇ ਕਿਹਾ ਕਿ ਜਥੇਬੰਦੀਆਂ ਅਨੇਕਾਂ ਵਾਰ ਡੀ ਐੱਸ ਈ ਦਫਤਰ ਜਾ ਕੇ ਮੰਗ ਕਰ ਕੇ ਆਈਆਂ ਹਨ ਕਿ ਸਕੂਲਾਂ ਵਿੱਚ ਵਿਗੜੇ ਪ੍ਰਬੰਧਕੀ ਮਹੌਲ ਨੂੰ ਠੀਕ ਕਰਨ ਲਈ ਪ੍ਰਿੰਸੀਪਲਾਂ ਦੀਆਂ ਪ੍ਰੋਮੋਸ਼ਨਾਂ ਤੁਰੰਤ ਕੀਤੀਆਂ ਜਾਣ|ਪਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ|

ਆਗੂਆਂ ਨੇ ਕਿਹਾ ਕਿ ਇਸੇ ਤਰਾਂ ਹੈਡਮਾਸਟਰਾਂ, ਬੀ ਪੀ ਈ ਓਜ਼, ਅਧਿਆਪਕਾਂ ਅਤੇ ਈ ਟੀ ਟੀ ਅਧਿਆਪਕਾਂ, ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀਆਂ ਲਗਭਗ 35000 ਪੋਸਟਾਂ ਖਾਲੀ ਪਈਆਂ ਹਨ ਅਤੇ ਸਰਕਾਰ ਸਿੱਖਿਆ ਕ੍ਰਾਂਤੀ ਦਾ ਢੋਲ ਵਜਾ ਰਹੀ ਹੈ|ਹਜ਼ਾਰਾਂ ਅਧਿਆਪਕ ਜਣ ਗਣਨਾ, ਐੱਸ ਆਈ ਆਰ ਅਤੇ ਹੋਰ ਫਾਲਤੂ ਦੇ ਗ਼ੈਰ ਵਿਦਿਅਕ ਕੰਮਾਂ ਵਿੱਚ ਉਲਝਾਏ ਹੋਏ ਹਨ|ਅਧਿਆਪਕਾਂ ਤੋਂ ਬਿਨਾਂ ਸਿੱਖਿਆ ਕ੍ਰਾਂਤੀ ਦੀ ਗੱਲ ਕਰਨਾ ਨਿਰਾ ਡਰਾਮਾ ਹੈ|ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਿੰਸੀਪਲਾਂਸਿੱਧੀਆਂ ਸਮੇਤ ਸਾਰੇ ਕਾਂਡਰਾਂ ਦੀਆਂ ਪ੍ਰੋਮੋਸ਼ਨਾਂ ਅਤੇ ਭਰਤੀਆ ਤੁਰੰਤ ਕੀਤੀਆਂ ਜਾਣ।

The post Punjab News: ਪ੍ਰਿੰਸੀਪਲਾਂ ਦੀਆਂ 60% ਅਸਾਮੀਆਂ ਖਾਲੀ-ਡੀ ਟੀ ਐਫ਼ appeared first on Desh Click.