ਅਵਾਰਾ ਕੁੱਤੇ ਦਾ ਕਹਿਰ, 4 ਸਾਲਾ ਮਾਸੂਮ ਬੱਚੇ ਦੀ ਮੌਤ


ਕਰਨਾਟਕ: ਕਲਬੁਰਗੀ ਦੇ ਦਰਿਆਪੁਰ ਇਲਾਕੇ ਵਿੱਚ ਘਰ ਦੇ ਬਾਹਰ ਖੇਡ ਰਹੇ ਚਾਰ ਸਾਲਾ ਬੱਚੇ ’ਤੇ ਅਵਾਰਾ ਕੁੱਤੇ ਨੇ ਹਮਲਾ ਕਰ ਦਿੱਤਾ। ਗੰਭੀਰ ਜ਼ਖ਼ਮੀ ਹੋਏ ਬੱਚੇ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ।

ਕਰਨਾਟਕ ਦੇ ਕਲਬੁਰਗੀ ਸ਼ਹਿਰ ਵਿੱਚ ਅਵਾਰਾ ਕੁੱਤੇ ਦੇ ਹਮਲੇ ਕਾਰਨ ਇੱਕ ਮਾਸੂਮ ਬੱਚੇ ਦੀ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ ਚਾਰ ਸਾਲਾ ਮਨੋਜ ਪੁਜਾਰੀ ਜਾਮਬਗਾ ਵਜੋਂ ਹੋਈ ਹੈ। ਉਹ ਸ਼ਰਨਬਸੱਪਾ ਪੁਜਾਰੀ ਦਾ ਪੁੱਤਰ ਸੀ, ਜੋ ਸ਼ਹਿਰ ਵਿੱਚ ਚੌਕੀਦਾਰ ਵਜੋਂ ਕੰਮ ਕਰਦੇ ਹਨ। ਪਰਿਵਾਰ ਕਲਬੁਰਗੀ ਦੇ ਕੋਟਨੂਰ ਇਲਾਕੇ ਵਿੱਚ ਰਹਿੰਦਾ ਸੀ।

ਇਹ ਘਟਨਾ ਦਰਿਆਪੁਰ ਇਲਾਕੇ ਵਿੱਚ ਗਣਦੇਵਤਾ ਮੰਦਰ ਦੇ ਨੇੜੇ ਵਾਪਰੀ। ਜਾਣਕਾਰੀ ਮੁਤਾਬਕ ਮਨੋਜ ਘਰ ਦੇ ਬਾਹਰ ਸੜਕ ’ਤੇ ਖੇਡ ਰਿਹਾ ਸੀ, ਜਦੋਂ ਅਚਾਨਕ ਇੱਕ ਅਵਾਰਾ ਕੁੱਤੇ ਨੇ ਉਸ ’ਤੇ ਹਮਲਾ ਕਰ ਦਿੱਤਾ।

ਕੁੱਤੇ ਨੇ ਬੱਚੇ ਨੂੰ ਬੁਰੀ ਤਰ੍ਹਾਂ ਵੱਢਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਏ, ਪਰ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।

ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ। ਪਿਛਲੇ ਸਮੇਂ ਦੌਰਾਨ ਕਰਨਾਟਕ ਦੇ ਹੋਰ ਇਲਾਕਿਆਂ ਵਿੱਚ ਵੀ ਬੱਚਿਆਂ ’ਤੇ ਕੁੱਤਿਆਂ ਦੇ ਹਮਲੇ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।

ਪਿਛਲੇ ਮਹੀਨੇ ਸੇਦਮ ਤਾਲੁਕ ਦੇ ਮੀਨਾਹਬਲ ਪਿੰਡ ਵਿੱਚ ਘਰ ਦੇ ਬਾਹਰ ਖੇਡ ਰਹੀ ਚਾਰ ਸਾਲਾ ਸਾਨਵੀ ’ਤੇ ਕੁੱਤਿਆਂ ਦੇ ਝੁੰਡ ਨੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਬੱਚੀ ਦੇ ਚਿਹਰੇ, ਬੁੱਲ੍ਹਾਂ ਅਤੇ ਗੱਲ੍ਹਾਂ ’ਤੇ ਡੂੰਘੇ ਜ਼ਖ਼ਮ ਹੋ ਗਏ ਸਨ। ਉਸ ਨੂੰ ਸਰਕਾਰੀ ਹਸਪਤਾਲ ਵਿੱਚ ਇਲਾਜ ਦੌਰਾਨ ਟਾਂਕੇ ਲਗਵਾਉਣੇ ਪਏ ਸਨ।

ਇਸੇ ਸਾਲ ਰਾਇਚੂਰ ਸ਼ਹਿਰ ਦੇ ਮਾਲਿਆਬਾਦ ਵਿੱਚ ਵੀ ਚਾਰ ਸਾਲਾ ਗੋਪਾਲ ’ਤੇ ਕੁੱਤੇ ਨੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਉਸ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਸਨ।

ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਕਾਰਨ ਸਥਾਨਕ ਵਸਨੀਕਾਂ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਵਧ ਰਹੀ ਹੈ ਅਤੇ ਬੱਚਿਆਂ ਦਾ ਘਰਾਂ ਤੋਂ ਬਾਹਰ ਖੇਡਣਾ ਵੀ ਖ਼ਤਰੇ ਤੋਂ ਖਾਲੀ ਨਹੀਂ ਰਿਹਾ।

ਵਸਨੀਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦੇ ਹੱਲ ਲਈ ਤੁਰੰਤ ਕਦਮ ਚੁੱਕੇ ਜਾਣ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਦਰਦਨਾਕ ਘਟਨਾਵਾਂ ਨੂੰ ਰੋਕਿਆ ਜਾ ਸਕੇ।

The post ਅਵਾਰਾ ਕੁੱਤੇ ਦਾ ਕਹਿਰ, 4 ਸਾਲਾ ਮਾਸੂਮ ਬੱਚੇ ਦੀ ਮੌਤ appeared first on Charhdikala.