Punjab News: ਝੋਨੇ ਦੀ ਸਰਕਾਰੀ ਖ਼ਰੀਦ ਬੰਦ ਹੋਣ ’ਤੇ ਕਿਸਾਨਾਂ ’ਚ ਰੋਸ, ਕੱਲ੍ਹ ਡੀਸੀ ਦਫ਼ਤਰ ਅੱਗੇ ਝੋਨਾ ਸੁੱਟ ਕੇ ਕਰਨਗੇ ਪ੍ਰਦਰਸ਼ਨ


 

Punjab News: ਝੋਨੇ ਦੀ ਸਰਕਾਰੀ ਖ਼ਰੀਦ ਬੰਦ ਹੋਣ ’ਤੇ ਕਿਸਾਨਾਂ ’ਚ ਰੋਸ, ਕੱਲ੍ਹ ਡੀਸੀ ਦਫ਼ਤਰ ਅੱਗੇ ਝੋਨਾ ਸੁੱਟ ਕੇ ਕਰਨਗੇ ਪ੍ਰਦਰਸ਼ਨ

ਅਜਨਾਲਾ (ਅੰਮ੍ਰਿਤਸਰ), 1 ਨਵੰਬਰ 2026: ਮੰਡੀਆਂ ਵਿੱਚ ਪਰਮਲ ਝੋਨੇ ਦੀ ਸਰਕਾਰੀ ਖ਼ਰੀਦ ਬੰਦ ਹੋਣ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਸੰਘਰਸ਼) ਵੱਲੋਂ 2 ਨਵੰਬਰ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫ਼ਤਰ ਅੱਗੇ ਝੋਨਾ ਸੁੱਟ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਯੂਨੀਅਨ ਦੇ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਨੇ ਦੱਸਿਆ ਕਿ ਜਥੇਬੰਦੀ ਦੀ ਮੀਟਿੰਗ ਦੌਰਾਨ ਮੰਡੀਆਂ ਵਿੱਚ ਸਰਕਾਰੀ ਖ਼ਰੀਦ ਬੰਦ ਹੋਣ ਕਾਰਨ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ’ਤੇ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਅਜੇ ਕਈ ਕਿਸਾਨ ਆਪਣੀ ਫ਼ਸਲ ਵੇਚਣ ਦੀ ਉਡੀਕ ਕਰ ਰਹੇ ਹਨ, ਪਰ ਖ਼ਰੀਦ ਬੰਦ ਹੋਣ ਕਾਰਨ ਉਨ੍ਹਾਂ ਨੂੰ ਮੰਡੀਆਂ ਵਿੱਚ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।

ਮਾਹਲ ਨੇ ਸਵਾਲ ਉਠਾਇਆ ਕਿ ਜਦੋਂ ਝੋਨੇ ਦੀ ਆਮਦ ਅਤੇ ਖ਼ਰੀਦ ਦਾ ਕੰਮ ਪੂਰਾ ਨਹੀਂ ਹੋਇਆ ਤਾਂ ਮਹਿਜ਼ 20-25 ਦਿਨਾਂ ਵਿੱਚ ਸਰਕਾਰੀ ਖ਼ਰੀਦ ਕਿਉਂ ਬੰਦ ਕਰ ਦਿੱਤੀ ਗਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਫ਼ਸਲ ਦੀ ਖ਼ਰੀਦ ਵਿੱਚ ਦੇਰੀ ਨਾਲ ਕਿਸਾਨਾਂ ਨੂੰ ਆਰਥਿਕ ਨੁਕਸਾਨ ਹੋ ਸਕਦਾ ਹੈ।

ਉਨ੍ਹਾਂ ਮੰਗ ਕੀਤੀ ਕਿ ਮੰਡੀਆਂ ਵਿੱਚ ਸਰਕਾਰੀ ਖ਼ਰੀਦ ਤੁਰੰਤ ਮੁੜ ਸ਼ੁਰੂ ਕੀਤੀ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਰਾਣਾ ਵੀ ਮੌਜੂਦ ਸਨ। ਜਥੇਬੰਦੀ ਨੇ ਕਿਹਾ ਕਿ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

 

The post Punjab News: ਝੋਨੇ ਦੀ ਸਰਕਾਰੀ ਖ਼ਰੀਦ ਬੰਦ ਹੋਣ ’ਤੇ ਕਿਸਾਨਾਂ ’ਚ ਰੋਸ, ਕੱਲ੍ਹ ਡੀਸੀ ਦਫ਼ਤਰ ਅੱਗੇ ਝੋਨਾ ਸੁੱਟ ਕੇ ਕਰਨਗੇ ਪ੍ਰਦਰਸ਼ਨ appeared first on Desh Click.