ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ-9 ਦੇ ਵੀ.ਆਈ.ਪੀ. ਇਲਾਕੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਕਈ ਘੰਟਿਆਂ ਤੋਂ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਜਾਂਚ ਏਜੰਸੀ ਦੀ ਕਾਰਵਾਈ ਪੰਜਾਬ ਦੇ ਸਾਬਕਾ ਉਦਯੋਗ ਮੰਤਰੀ ਸ਼ਿਆਮ ਸੁੰਦਰ ਅਰੋੜਾ, ਉਨ੍ਹਾਂ ਦੇ ਪੁੱਤਰ ਪ੍ਰਤੀਕ ਅਰੋੜਾ ਅਤੇ ਰੀਅਲ ਅਸਟੇਟ ਕਾਰੋਬਾਰ ਨਾਲ ਜੁੜੇ ਕੁਝ ਗਰੁੱਪਾਂ ਦੇ ਟਿਕਾਣਿਆਂ ਤੱਕ ਪਹੁੰਚੀ ਹੈ।
ਜਾਣਕਾਰੀ ਅਨੁਸਾਰ ED ਦੀਆਂ ਟੀਮਾਂ ਚੰਡੀਗੜ੍ਹ ਅਤੇ ਪੰਜਾਬ ਵਿੱਚ ਕਈ ਥਾਵਾਂ ’ਤੇ ਤਲਾਸ਼ੀ ਲੈ ਰਹੀਆਂ ਹਨ। ਇਸ ਕਾਰਵਾਈ ਦੌਰਾਨ ਸੈਕਟਰ-9 ਵਿੱਚ ਸਥਿਤ ਦੋ ਰੀਅਲ ਅਸਟੇਟ ਪ੍ਰਮੋਟਰਾਂ ਦੇ ਘਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ED ਦੀ ਕਾਰਵਾਈ ਸਾਬਕਾ ਮੰਤਰੀ ਸ਼ਿਆਮ ਸੁੰਦਰ ਅਰੋੜਾ, ਉਨ੍ਹਾਂ ਦੇ ਪੁੱਤਰ ਪ੍ਰਤੀਕ ਅਰੋੜਾ ਤੋਂ ਇਲਾਵਾ Marbella Group, Gulmohar Township Group ਅਤੇ ਇਨ੍ਹਾਂ ਨਾਲ ਜੁੜੇ ਪ੍ਰਮੋਟਰਾਂ ਦੇ ਟਿਕਾਣਿਆਂ ’ਤੇ ਕੀਤੀ ਜਾ ਰਹੀ ਹੈ। ਸੰਜੀਵ ਜੁਨੇਜਾ ਨਾਲ ਜੁੜੇ ਠਿਕਾਣੇ ਵੀ ਜਾਂਚ ਦੇ ਘੇਰੇ ਵਿੱਚ ਦੱਸੇ ਜਾ ਰਹੇ ਹਨ।
ਮਿਲੀ ਜਾਣਕਾਰੀ ਮੁਤਾਬਕ, ਇਹ ਛਾਪੇਮਾਰੀ ਸ਼ਿਆਮ ਸੁੰਦਰ ਅਰੋੜਾ ਖ਼ਿਲਾਫ਼ ਭ੍ਰਿਸ਼ਟਾਚਾਰ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੀ ਜਾਂਚ ਨਾਲ ਸਬੰਧਤ ਹੈ। ਇਸ ਤੋਂ ਇਲਾਵਾ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (PSIEC) ਦੇ ਪਲਾਟਾਂ ਦੀ ਅਲਾਟਮੈਂਟ ਵਿੱਚ ਕਥਿਤ ਬੇਨਿਯਮੀਆਂ ਅਤੇ ਉਨ੍ਹਾਂ ਦੀ ਮਾਲਕੀ ਵਿੱਚ ਹੋਏ ਬਦਲਾਅ ਵੀ ਜਾਂਚ ਦਾ ਹਿੱਸਾ ਦੱਸੇ ਜਾ ਰਹੇ ਹਨ।
ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਪਲਾਟਾਂ ਦੀ ਅਲਾਟਮੈਂਟ ਅਤੇ ਮਾਲਕੀ ਤਬਦੀਲ ਕਰਨ ਦੀ ਪ੍ਰਕਿਰਿਆ ਦੌਰਾਨ ਨਿਯਮਾਂ ਦੀ ਕਥਿਤ ਉਲੰਘਣਾ ਹੋਈ ਹੋ ਸਕਦੀ ਹੈ। ਹਾਲਾਂਕਿ, ਇਨ੍ਹਾਂ ਦੋਸ਼ਾਂ ਸਬੰਧੀ ਜਾਂਚ ਦੇ ਨਤੀਜੇ ਹਾਲੇ ਸਾਹਮਣੇ ਨਹੀਂ ਆਏ ਹਨ।
ED ਦੀਆਂ ਟੀਮਾਂ ਵੱਖ-ਵੱਖ ਥਾਵਾਂ ’ਤੇ ਦਸਤਾਵੇਜ਼ਾਂ, ਜਾਇਦਾਦ ਨਾਲ ਸਬੰਧਤ ਰਿਕਾਰਡ ਅਤੇ ਹੋਰ ਸੰਭਾਵਿਤ ਸਬੂਤਾਂ ਦੀ ਜਾਂਚ ਕਰ ਰਹੀਆਂ ਹਨ। ਫਿਲਹਾਲ ਸਰਚ ਆਪ੍ਰੇਸ਼ਨ ਜਾਰੀ ਹੈ। ਛਾਪੇਮਾਰੀ ਦੌਰਾਨ ਕੀ ਕੁਝ ਮਿਲਦਾ ਹੈ ਅਤੇ ਜਾਂਚ ਏਜੰਸੀ ਵੱਲੋਂ ਅੱਗੇ ਕੀ ਕਦਮ ਚੁੱਕੇ ਜਾਂਦੇ ਹਨ, ਇਸ ਬਾਰੇ ਅਧਿਕਾਰਤ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।
The post ਚੰਡੀਗੜ੍ਹ ’ਚ ED ਦਾ ਐਕਸ਼ਨ, ਪੰਜਾਬ ਦੇ ਸਾਬਕਾ ਮੰਤਰੀ ਦੇ ਕਈ ਟਿਕਾਣਿਆਂ ’ਤੇ ਛਾਪੇ appeared first on Charhdikala.