- ‘ਖੇਡਾਂ ਵਤਨ ਪੰਜਾਬ ਦੀਆਂ-2026’ ਅਧੀਨ ਰਾਜ ਪੱਧਰੀ ਘੋੜਸਵਾਰੀ ਮੁਕਾਬਲਿਆਂ ਦੇ ਸ਼ਡਿਊਲ ਵਿੱਚ ਤਬਦੀਲੀ
ਚੰਡੀਗੜ੍ਹ, 3 ਨਵੰਬਰ (ਦੇਸ਼ ਕਲਿੱਕ ਬਿਊਰੋ): ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਹੋਣ ਵਾਲੇ ਰਾਜ ਪੱਧਰੀ ਘੋੜਸਵਾਰੀ ਮੁਕਾਬਲਿਆਂ ਦੀਆਂ ਤਰੀਕਾਂ ਵਿੱਚ ਸੋਧ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ-2026’ ਅਧੀਨ ਘੋੜਸਵਾਰੀ ਮੁਕਾਬਲੇ ਪਹਿਲਾਂ 17 ਨਵੰਬਰ ਤੋਂ 23 ਨਵੰਬਰ 2026 ਤੱਕ ਕਰਵਾਏ ਜਾਣੇ ਸਨ।
ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ਦੀਆਂ ਤਰੀਕਾਂ ਪਹਿਲਾਂ ਕਰਨ ਦਾ ਫ਼ੈਸਲਾ ਖਿਡਾਰੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਲਿਆ ਗਿਆ ਹੈ, ਕਿਉਂਕਿ ਪੰਜਾਬ ਭਰ ਦੇ ਵੱਖ-ਵੱਖ ਪਬਲਿਕ ਅਤੇ ਸੈਨਿਕ ਸਕੂਲਾਂ ਦੇ ਵਿਦਿਆਰਥੀ ‘ਇੰਡੀਅਨ ਪਬਲਿਕ ਸਕੂਲਜ਼ ਘੋੜਸਵਾਰੀ ਚੈਂਪੀਅਨਸ਼ਿਪ’ ਵਿੱਚ ਹਿੱਸਾ ਲੈ ਰਹੇ ਹਨ। ਇਹ ਚੈਂਪੀਅਨਸ਼ਿਪ 18 ਨਵੰਬਰ ਤੋਂ 21 ਨਵੰਬਰ 2026 ਤੱਕ ਦਿ ਪੰਜਾਬ ਪਬਲਿਕ ਸਕੂਲ, ਨਾਭਾ ਵਿਖੇ ਕਰਵਾਈ ਜਾ ਰਹੀ ਹੈ।
ਵਿਦਿਆਰਥੀਆਂ ਦੀ ਰਾਜ ਪੱਧਰੀ ਘੋੜਸਵਾਰੀ ਟੂਰਨਾਮੈਂਟ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਹੁਣ ਇਹ ਸੋਧੇ ਹੋਏ ਮੁਕਾਬਲੇ 11 ਨਵੰਬਰ ਤੋਂ 13 ਨਵੰਬਰ 2026 ਤੱਕ ਪੀ.ਏ.ਪੀ. ਕੈਂਪਸ, ਜਲੰਧਰ ਵਿਖੇ ਕਰਵਾਏ ਜਾਣਗੇ। ਇਸ ਦੇ ਚਲਦਿਆਂ ਸਮੂਹ ਸਬੰਧਤ ਖਿਡਾਰੀਆਂ, ਕੋਚਾਂ ਅਤੇ ਅਧਿਕਾਰੀਆਂ ਨੂੰ ਨਵੇਂ ਸ਼ਡਿਊਲ ਅਨੁਸਾਰ ਤਿਆਰੀ ਰੱਖਣ ਦੀ ਅਪੀਲ ਕੀਤੀ ਗਈ ਹੈ।
The post ‘ਖੇਡਾਂ ਵਤਨ ਪੰਜਾਬ ਦੀਆਂ-2026’ ਅਧੀਨ ਰਾਜ ਪੱਧਰੀ ਘੋੜਸਵਾਰੀ ਮੁਕਾਬਲਿਆਂ ਦੇ ਸ਼ਡਿਊਲ ਵਿੱਚ ਤਬਦੀਲੀ appeared first on Desh Click.