ਪੰਜਾਬ ਪੁਲਿਸ ਨੇ ਵੱਡੀ ਅੱਤਵਾਦੀ ਸਾਜਿਸ਼ ਨੂੰ ਕੀਤਾ ਨਾਕਾਮ; ISI ਸਮਰਥਿਤ BKI ਮਾਡਿਊਲ ਦਾ ਪਰਦਾਫਾਸ਼, ਵਿਸਫੋਟਕਾਂ, ਗ੍ਰਨੇਡਾਂ ਸਮੇਤ ਦੋ ਗ੍ਰਿਫਤਾਰ


  • ਗੁਰਦਾਸਪੁਰ ‘ਚ ਦਰਜ FIR; ਵਿਦੇਸ਼ੀ ਸਬੰਧਾਂ ਦੀ ਜਾਂਚ ਜਾਰੀ, ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦਾ ਭਰੋਸਾ

ਇੱਕ ਵੱਡੀ ਸੁਰੱਖਿਆ ਸਫਲਤਾ ਵਿੱਚ, ਪੁਲਿਸ ਅਤੇ ਕੇਂਦਰੀ ਏਜੰਸੀਆਂ ਨੇ ਪੰਜਾਬ ਵਿੱਚ ਇੱਕ ਯੋਜਨਾਬੱਧ ਅੱਤਵਾਦੀ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ, ਗੁਰਦਾਸਪੁਰ ਪੁਲਿਸ ਅਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਅਤੇ ਕੇਂਦਰੀ ਏਜੰਸੀਆਂ ਦੇ ਸਾਂਝੇ ਆਪ੍ਰੇਸ਼ਨ ਨੇ ISI-ਸਮਰਥਿਤ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ।

ਅਧਿਕਾਰੀਆਂ ਮੁਤਾਬਕ ਇਹ ਮਾਡਿਊਲ ਇੱਕ ਵਿਦੇਸ਼ੀ ਹੈਂਡਲਰ ਦੁਆਰਾ ਚਲਾਇਆ ਜਾ ਰਿਹਾ ਸੀ। ਅਪਰੇਸ਼ਨ ਦੌਰਾਨ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕਥਿਤ ਤੌਰ ’ਤੇ ਸੂਬੇ ਵਿੱਚ ਵੱਡੇ ਪੱਧਰ ’ਤੇ ਹਮਲਿਆਂ ਦੀ ਯੋਜਨਾ ਬਣਾ ਰਹੇ ਸਨ।

ਸੁਰੱਖਿਆ ਬਲਾਂ ਨੇ ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ਵਿੱਚ ਵਿਸਫੋਟਕ ਅਤੇ ਸਾਜ਼ੋ-ਸਾਮਾਨ ਬਰਾਮਦ ਕੀਤਾ ਹੈ। ਜ਼ਬਤ ਕੀਤੇ ਗਏ ਸਮਾਨ ਵਿੱਚ ਪੰਜ ਹੈਂਡ ਗ੍ਰਨੇਡ, ਦੋ ਵਿਸ਼ੇਸ਼ ਡੈਟੋਨੇਟਰ, ਕੋਡਰ ਅਤੇ ਡੀਕੋਡਰ ਨਾਲ ਲੈਸ ਇੱਕ ਪੀਟੀਟੀ ਟਾਈਮਰ, ਇੱਕ 9 ਵੋਲਟ ਦੀ ਬੈਟਰੀ ਅਤੇ ਇੱਕ ਕਿਲੋਗ੍ਰਾਮ ਉੱਚ ਵਿਸਫੋਟਕ ਸਮੱਗਰੀ ਸ਼ਾਮਲ ਹੈ। ਇੱਕ ਬਾਓਫੇਂਗ ਵਾਕੀ-ਟਾਕੀ ਅਤੇ ਇੱਕ ਟਰਿਗਰ ਮਕੈਨਿਜ਼ਮ ਵੀ ਬਰਾਮਦ ਕੀਤਾ ਗਿਆ ਸੀ, ਜੋ ਇੱਕ ਵੱਡੇ ਹਮਲੇ ਦੀ ਤਿਆਰੀ ਦਾ ਸੰਕੇਤ ਦਿੰਦਾ ਹੈ।

ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ ਥਾਣੇ ਵਿੱਚ ਵਿਸਫੋਟਕ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਨੇ ਮੌਡਿਊਲ ਵਿੱਚ ਸ਼ਾਮਲ ਵਿਦੇਸ਼ੀ ਹੈਂਡਲਰਾਂ ਅਤੇ ਸਥਾਨਕ ਸਹਿਯੋਗੀਆਂ ਦੀ ਪਛਾਣ ਕਰਨ ਸਮੇਤ ਫਾਰਵਰਡ ਅਤੇ ਬੈਕਵਰਡ ਲਿੰਕੇਜ ਦੋਵਾਂ ਦਾ ਪਤਾ ਲਗਾਉਣ ਲਈ ਵਿਸਤ੍ਰਿਤ ਜਾਂਚ ਸ਼ੁਰੂ ਕੀਤੀ ਹੈ। ਪੰਜਾਬ ਪੁਲਿਸ ਨੇ ਸੂਬੇ ਵਿੱਚ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਅਜਿਹੇ ਸਫਲ ਆਪ੍ਰੇਸ਼ਨ ਅੱਤਵਾਦੀ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਲਈ ਸੁਰੱਖਿਆ ਏਜੰਸੀਆਂ ਦੀ ਚੌਕਸੀ ਅਤੇ ਸਰਗਰਮ ਪਹੁੰਚ ਨੂੰ ਉਜਾਗਰ ਕਰਦੇ ਹਨ।