Punjab News- Negligence of the Electricity Department took the life of a young employee!


 

Punjab News- ਬਿਜਲੀ ਵਿਭਾਗ ਦੀ ਅਣਗਹਿਲੀ ਨੇ ਲਈ ਨੌਜਵਾਨ ਮੁਲਾਜ਼ਮ ਦੀ ਜਾਨ!

Punjab News- ਬਿਜਲੀ ਵਿਭਾਗ ਦੀ ਅਣਗਹਿਲੀ ਨੇ ਲਈ ਨੌਜਵਾਨ ਮੁਲਾਜ਼ਮ ਦੀ ਜਾਨ! ਪਰਿਵਾਰ ਵੱਲੋਂ ਸੇਫਟੀ ਕਿੱਟਾਂ ਨਾ ਮਿਲਣ ਦੇ ਇਲਜ਼ਾਮ, ਇਨਸਾਫ਼ ਦੀ ਮੰਗ

ਸੁਲਤਾਨਪੁਰ ਲੋਧੀ:

Punjab News- ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪਿੰਡ ਰਾਮਪੁਰ ਜਗੀਰ ਤੋਂ ਇੱਕ ਬਹੁਤ ਹੀ ਮੰਦਭਾਗੀ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ, ਜਿੱਥੇ ਬਿਜਲੀ ਦੀ ਲਾਈਨ ਠੀਕ ਕਰ ਰਹੇ ਇੱਕ ਨੌਜਵਾਨ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਓਂਕਾਰ ਸਿੰਘ ਵਜੋਂ ਹੋਈ ਹੈ, ਜੋ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

ਨੌਜਵਾਨ ਦੀ ਮੌਤ ਤੋਂ ਬਾਅਦ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਜਥੇਬੰਦੀਆਂ ਨੇ ਪਿੰਡ ਫੱਤੂਵਾਲ ਲੋਹੀਆਂ ਵਿਖੇ ਲਾਸ਼ ਨੂੰ ਟਰਾਲੀ ਵਿੱਚ ਰੱਖ ਕੇ ਪਾਵਰਕੌਮ (PSPCL) ਖਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਅਤੇ ਧਰਨਾ ਲਗਾ ਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਪਰਿਵਾਰਕ ਮੈਂਬਰਾਂ ਨੇ ਬਿਜਲੀ ਵਿਭਾਗ ‘ਤੇ ਲਾਪ੍ਰਵਾਹੀ ਦੇ ਗੰਭੀਰ ਇਲਜ਼ਾਮ ਲਗਾਉਂਦਿਆਂ ਦੱਸਿਆ ਕਿ ਓਂਕਾਰ ਸਿੰਘ ਬਿਜਲੀ ਦੀ ਖ਼ਰਾਬੀ ਠੀਕ ਕਰਨ ਲਈ ਖੰਭੇ ‘ਤੇ ਚੜ੍ਹਿਆ ਹੋਇਆ ਸੀ। ਉਨ੍ਹਾਂ ਸਵਾਲ ਚੁੱਕਿਆ ਕਿ ਜਦੋਂ ਓਂਕਾਰ ਸਿੰਘ ਨੇ ਵਿਭਾਗ ਤੋਂ ਬਾਕਾਇਦਾ ‘ਪਰਮਿਟ’ ਲਿਆ ਹੋਇਆ ਸੀ ਅਤੇ ਲਾਈਨ ਬੰਦ ਸੀ, ਤਾਂ ਕੰਮ ਦੇ ਦੌਰਾਨ ਅਚਾਨਕ ਬਿਜਲੀ ਕਿਵੇਂ ਚਾਲੂ ਕਰ ਦਿੱਤੀ ਗਈ? ਇਸੇ ਅਚਾਨਕ ਆਏ ਕਰੰਟ ਦੀ ਲਪੇਟ ਵਿੱਚ ਆਉਣ ਕਾਰਨ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਕਿਹਾ ਕਿ ਫੀਲਡ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਕੋਈ ਸੇਫਟੀ ਕਿੱਟ (ਸੁਰੱਖਿਆ ਉਪਕਰਨ) ਮੁਹੱਈਆ ਨਹੀਂ ਕਰਵਾਈ ਜਾ ਰਹੀ, ਜਿਸ ਕਾਰਨ ਨੌਜਵਾਨਾਂ ਦੀਆਂ ਜਾਨਾਂ ਜੋਖਮ ਵਿੱਚ ਪੈ ਰਹੀਆਂ ਹਨ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਹਰਵਿੰਦਰ ਸਿੰਘ ਸਣੇ ਪੁਲਿਸ ਫੋਰਸ ਮੌਕੇ ‘ਤੇ ਪਹੁੰਚੀ ਅਤੇ ਪ੍ਰਦਰਸ਼ਨ ਕਰ ਰਹੇ ਪਰਿਵਾਰ ਨਾਲ ਗੱਲਬਾਤ ਕੀਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਆਈ ਹਨ੍ਹੇਰੀ ਕਾਰਨ ਬਿਜਲੀ ਦੀ ਲਾਈਨ ਖ਼ਰਾਬ ਹੋਈ ਸੀ, ਜਿਸ ਨੂੰ ਠੀਕ ਕਰਨ ਦੌਰਾਨ ਇਹ ਹਾਦਸਾ ਵਾਪਰਿਆ। ਉਨ੍ਹਾਂ ਭਰੋਸਾ ਦਿੱਤਾ ਕਿ ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਜੋ ਵੀ ਕਾਨੂੰਨੀ ਤੌਰ ‘ਤੇ ਬਣਦੀ ਕਾਰਵਾਈ ਹੋਵੇਗੀ, ਉਹ ਅਮਲ ਵਿੱਚ ਲਿਆਂਦੀ ਜਾਵੇਗੀ।