Get married to youth above 30 years of age: Jathedar Gargajj

Get married to youth above 30 years of age: Jathedar Gargajj






  • 30 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਦੇ ਵਿਆਹ ਕਰਵਾਓ: ਜਥੇਦਾਰ ਗੜਗੱਜ

ਅੰਮ੍ਰਿਤਸਰ, 17 ਅਗਸਤ (ਦੇਸ਼ ਕਲਿੱਕ ਬਿਊਰੋ): ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਭਾਈਚਾਰੇ ਵਿੱਚ ਵਿਆਹ ਅਤੇ ਪਰਿਵਾਰਕ ਜੀਵਨ ਨੂੰ ਲੈ ਕੇ ਮਹੱਤਵਪੂਰਨ ਸੰਦੇਸ਼ ਦਿੱਤਾ ਹੈ। ਉਨ੍ਹਾਂ ਪਰਿਵਾਰਾਂ ਨੂੰ ਅਪੀਲ ਕੀਤੀ ਕਿ 30 ਸਾਲ ਤੋਂ ਵੱਧ ਉਮਰ ਦੇ ਨੌਜਵਾਨ ਮੁੰਡਿਆਂ ਅਤੇ ਕੁੜੀਆਂ ਦੇ ਚੰਗੇ ਰਿਸ਼ਤੇ ਕਰਵਾਉਣ ਲਈ ਪਹਿਲਕਦਮੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਰਿਸ਼ਤੇ ਕਰਵਾਉਣ ਵਿੱਚ ਪਰਿਵਾਰਾਂ ਨੂੰ ਬੇਲੋੜੀ ਝਿਜਕ ਨਹੀਂ ਕਰਨੀ ਚਾਹੀਦੀ। ਨੌਜਵਾਨਾਂ ਦੇ ਵਿਆਹ ਨੂੰ ਸਿਰਫ਼ ਨਿੱਜੀ ਮਾਮਲਾ ਨਾ ਸਮਝਦਿਆਂ ਇਸ ਨੂੰ ਧਾਰਮਿਕ ਅਤੇ ਸਮਾਜਿਕ ਪੱਖੋਂ ਵੀ ਮਹੱਤਵਪੂਰਨ ਮੰਨਿਆ ਜਾਣਾ ਚਾਹੀਦਾ ਹੈ, ਕਿਉਂਕਿ ਇਹ ਸਿਰਫ਼ ਇੱਕ ਨਿੱਜੀ ਹੀ ਨਹੀਂ ਬਲਕਿ ਇੱਕ ਪੰਥਕ ਮੁੱਦਾ ਵੀ ਹੈ।

ਜਥੇਦਾਰ ਨੇ ਸਿੱਖ ਪਰਿਵਾਰਾਂ ਵਿੱਚ ਵੱਧ ਬੱਚੇ ਹੋਣ ਦੀ ਮਹੱਤਤਾ ਉੱਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਤਿੰਨ ਬੱਚੇ ਹੋਣੇ ਚਾਹੀਦੇ ਹਨ, ਜਦਕਿ ਇਸ ਤੋਂ ਵੱਧ ਬੱਚਿਆਂ ਸਬੰਧੀ ਗੁਰੂ ਦੀ ਇੱਛਾ ਨੂੰ ਸਰਵਉੱਚ ਮੰਨਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੱਧ ਬੱਚੇ ਪੈਦਾ ਕਰਨਾ ਸ਼ਰਮ ਜਾਂ ਝਿਜਕ ਵਾਲੀ ਗੱਲ ਨਹੀਂ ਹੈ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਈ ਮਨੀ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਭਾਈ ਮਨੀ ਸਿੰਘ 12 ਭਰਾਵਾਂ ਵਿੱਚੋਂ ਇੱਕ ਸਨ। ਉਨ੍ਹਾਂ ਦੱਸਿਆ ਕਿ ਇੱਕ ਭਰਾ ਦੀ ਬਚਪਨ ਵਿੱਚ ਮੌਤ ਹੋ ਗਈ ਸੀ, ਜਦਕਿ ਬਾਕੀ 11 ਨੇ ਸ਼ਹਾਦਤ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਅੱਜ ਅਸੀਂ ਉਨ੍ਹਾਂ ਸ਼ਹੀਦਾਂ ਦੇ ਵਾਰਸ ਹਾਂ ਅਤੇ ਸਾਡੀ ਜ਼ਿੰਮੇਵਾਰੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਸ ਵਿਰਾਸਤ ਨਾਲ ਜੋੜਿਆ ਜਾਵੇ।

ਜਥੇਦਾਰ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਗੁਰੂ, ਗੁਰਬਾਣੀ ਅਤੇ ਸਿੱਖੀ ਨਾਲ ਜੋੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਰਿਵਾਰ ਅਤੇ ਸਮਾਜ ਨੂੰ ਇਕਜੁੱਟ ਹੋ ਕੇ ਚੜ੍ਹਦੀ ਕਲਾ ਵਿੱਚ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਦਾ ਸੰਦੇਸ਼ ਵਿਆਹ ਦੀ ਉਮਰ, ਪਰਿਵਾਰਕ ਮਜ਼ਬੂਤੀ, ਵੱਧ ਬੱਚਿਆਂ ਅਤੇ ਨਵੀਂ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ‘ਤੇ ਕੇਂਦ੍ਰਿਤ ਰਿਹਾ।