ਸਿਵਲ ਹਸਪਤਾਲ ’ਚ ਹੰਗਾਮਾ: ਓਟ ਕਲੀਨਿਕ ਤੋਂ ਦਵਾਈ ਲੈਣ ਆਏ ਨੌਜਵਾਨਾਂ ’ਚ ਝੜਪ


  • ਸਿਵਲ ਹਸਪਤਾਲ ’ਚ ਹੰਗਾਮਾ: ਓਟ ਕਲੀਨਿਕ ਤੋਂ ਦਵਾਈ ਲੈਣ ਆਏ ਨੌਜਵਾਨਾਂ ’ਚ ਝੜਪ

ਸੁਲਤਾਨਪੁਰ ਲੋਧੀ, 20 ਅਗਸਤ (ਦੇਸ਼ ਕਲਿੱਕ ਬਿਊਰੋ): ਸਵੇਰੇ-ਸਵੇਰੇ ਸੁਲਤਾਨਪੁਰ ਲੋਧੀ ਦੇ ਸਰਕਾਰੀ ਸਿਵਲ ਹਸਪਤਾਲ ਵਿੱਚ ਉਸ ਵੇਲੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਜਦੋਂ ਓਟ ਕਲੀਨਿਕ ਤੋਂ ਦਵਾਈ ਲੈਣ ਆਏ ਕੁਝ ਨੌਜਵਾਨਾਂ ਵਿਚਕਾਰ ਤਕਰਾਰ ਹੋ ਗਈ। ਝਗੜੇ ਦੌਰਾਨ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਜ਼ਖ਼ਮੀ ਨੌਜਵਾਨ ਕਸ਼ਿਸ਼ ਨੇ ਦੱਸਿਆ ਕਿ ਉਹ ਓਟ ਕਲੀਨਿਕ ਤੋਂ ਆਪਣੀ ਦਵਾਈ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਕੁਝ ਵਿਅਕਤੀਆਂ ਨੇ ਕਥਿਤ ਤੌਰ ’ਤੇ ਉਸ ਕੋਲੋਂ ਦਵਾਈ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਲੈ ਕੇ ਉਨ੍ਹਾਂ ਵਿਚਕਾਰ ਤਕਰਾਰ ਹੋ ਗਈ। ਬਾਅਦ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ.ਐੱਚ.ਓ. ਦਵਿੰਦਰ ਪਾਲ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਡਾਕਟਰ ਹਰਪ੍ਰੀਤ ਸਿੰਘ ਵੱਲੋਂ ਜ਼ਖ਼ਮੀ ਨੌਜਵਾਨ ਦੀ ਸਿਹਤ ਸਬੰਧੀ ਜਾਣਕਾਰੀ ਦਿੱਤੀ ਗਈ। ਪੁਲਿਸ ਵੱਲੋਂ ਝਗੜੇ ਦੇ ਕਾਰਨਾਂ ਅਤੇ ਘਟਨਾ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਜਾਂਚ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

The post ਸਿਵਲ ਹਸਪਤਾਲ ’ਚ ਹੰਗਾਮਾ: ਓਟ ਕਲੀਨਿਕ ਤੋਂ ਦਵਾਈ ਲੈਣ ਆਏ ਨੌਜਵਾਨਾਂ ’ਚ ਝੜਪ appeared first on Desh Click.