ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
ਕਪੂਰਥਲਾ/ਬੇਗੋਵਾਲ/ਭੁਲੱਥ, 23 ਅਗਸਤ 2026: ਭੁਲੱਥ ਹਲਕੇ ਦੇ ਬੇਗੋਵਾਲ ਅਧੀਨ ਪੈਂਦੇ ਪਿੰਡ ਜੱਬੋਵਾਲ ਦੇ 25 ਸਾਲਾ ਨੌਜਵਾਨ ਗੁਰਦੀਪ ਸਿੰਘ ਦੀ ਅਮਰੀਕਾ ਦੇ ਨਿਊਯਾਰਕ ’ਚ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਖ਼ਬਰ ਮਿਲਦਿਆਂ ਹੀ ਪਿੰਡ ਜੱਬੋਵਾਲ ਸਮੇਤ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।
ਮ੍ਰਿਤਕ ਦੇ ਪਿਤਾ ਪਿਆਰਾ ਲਾਲ ਨੇ ਦੱਸਿਆ ਕਿ ਕਰੀਬ 9 ਸਾਲ ਪਹਿਲਾਂ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਬਿਹਤਰ ਭਵਿੱਖ ਦੀ ਆਸ ਨਾਲ ਅਮਰੀਕਾ ਭੇਜਿਆ ਸੀ। ਗੁਰਦੀਪ ਉਥੇ ਰਹਿ ਰਿਹਾ ਸੀ ਅਤੇ ਪੱਕਾ ਹੋਣ ਲਈ ਉਸ ਦਾ ਕੇਸ ਵੀ ਚੱਲ ਰਿਹਾ ਸੀ।
ਪਰਿਵਾਰ ਮੁਤਾਬਕ ਗੁਰਦੀਪ ਪਹਿਲਾਂ ਇੱਕ ਸਟੋਰ ’ਚ ਕੰਮ ਕਰਦਾ ਸੀ, ਜਦਕਿ ਪਿਛਲੇ ਕੁਝ ਸਮੇਂ ਤੋਂ ਉਹ ਰਾਤ ਸਮੇਂ ਪਿਜ਼ਾ ਡਿਲੀਵਰੀ ਕਰਦਾ ਸੀ। ਮੁੱਢਲੀ ਜਾਣਕਾਰੀ ਅਨੁਸਾਰ 22 ਅਗਸਤ ਦੀ ਰਾਤ ਉਹ ਪਿਜ਼ਾ ਡਿਲੀਵਰ ਕਰਨ ਗਿਆ ਸੀ। ਉਥੇ ਪਿਜ਼ਾ ਲੈਣ ਤੋਂ ਬਾਅਦ ਕੁਝ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਪੈਸੇ ਦੇਣ ਤੋਂ ਇਨਕਾਰ ਕੀਤਾ ਗਿਆ। ਪੈਸਿਆਂ ਦੀ ਮੰਗ ਕਰਨ ’ਤੇ ਇੱਕ ਵਿਅਕਤੀ ਨੇ ਗੁਰਦੀਪ ’ਤੇ ਗੋਲੀਆਂ ਚਲਾ ਦਿੱਤੀਆਂ। ਛਾਤੀ ’ਚ ਗੋਲੀਆਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ।
ਪਰਿਵਾਰ ਨੇ ਦੱਸਿਆ ਕਿ ਅਮਰੀਕੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਿਤਾ ਨੇ ਭਾਰਤ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਤੋਂ ਗੁਰਦੀਪ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ।
The post ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ appeared first on Desh Click.