ਜ਼ਮੀਨੀ ਵਿਵਾਦ ’ਚ ਪੁੱਤ ਨੇ ਪਿਤਾ ਦਾ ਗੋਲੀ ਮਾਰ ਕੇ ਕੀਤਾ ਕਤਲ, ਖ਼ੁਦਕੁਸ਼ੀ ਦਾ ਮਾਮਲਾ ਸਮਝੀ ਪੁਲਿਸ ਨੇ ਜਾਂਚ ਮਗਰੋਂ ਕੀਤਾ ਖ਼ੁਲਾਸਾ


 

ਜ਼ਮੀਨੀ ਵਿਵਾਦ ’ਚ ਪੁੱਤ ਨੇ ਪਿਤਾ ਦਾ ਗੋਲੀ ਮਾਰ ਕੇ ਕੀਤਾ ਕਤਲ, ਖ਼ੁਦਕੁਸ਼ੀ ਦਾ ਮਾਮਲਾ ਸਮਝੀ ਪੁਲਿਸ ਨੇ ਜਾਂਚ ਮਗਰੋਂ ਕੀਤਾ ਖ਼ੁਲਾਸਾ

ਵੈਰੋਕੇ 1 ਸਤੰਬਰ 2026

ਜ਼ਮੀਨ-ਜਾਇਦਾਦ ਦੇ ਵਿਵਾਦ ਨੂੰ ਲੈ ਕੇ ਇੱਕ ਪੁੱਤ ਵੱਲੋਂ ਆਪਣੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਵੈਰੋਕੇ ਪੁਲਿਸ ਨੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਨ ਮਗਰੋਂ ਮੁਲਜ਼ਮ ਪੁੱਤਰ ਗੁਰਬਾਜ ਸਿੰਘ ਉਰਫ਼ ਬਾਜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ੁਰੂਆਤੀ ਤੌਰ ’ਤੇ ਇਸ ਘਟਨਾ ਨੂੰ ਖ਼ੁਦਕੁਸ਼ੀ ਮੰਨਿਆ ਜਾ ਰਿਹਾ ਸੀ, ਪਰ ਪੁਲਿਸ ਜਾਂਚ ਦੌਰਾਨ ਸਾਹਮਣੇ ਆਏ ਸਬੂਤਾਂ ਨੇ ਮਾਮਲੇ ਨੂੰ ਕਤਲ ਵੱਲ ਮੋੜ ਦਿੱਤਾ।

ਪੁਲਿਸ ਮੁਤਾਬਕ ਇਹ ਘਟਨਾ 4 ਅਗਸਤ ਦੀ ਰਾਤ ਕਰੀਬ 11.15 ਵਜੇ ਵਾਪਰੀ। ਗੁਰਬਾਜ ਸਿੰਘ ਨੇ ਘਰ ਵਿੱਚ ਸੁੱਤੇ ਆਪਣੇ ਪਿਤਾ ਮੁਖਤਿਆਰ ਸਿੰਘ ਨੂੰ ਉਨ੍ਹਾਂ ਦੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਜਾਂਚ ਅਨੁਸਾਰ ਪਿਤਾ-ਪੁੱਤਰ ਵਿਚਕਾਰ ਅਕਸਰ ਵਿਵਾਦ ਰਹਿੰਦਾ ਸੀ। ਪੁਲਿਸ ਮੁਤਾਬਕ ਪਿਤਾ ਵੱਲੋਂ ਪੁੱਤਰ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਨ ਅਤੇ ਜ਼ਮੀਨ ਵੇਚਣ ਦੀ ਧਮਕੀ ਦੇਣ ਕਾਰਨ ਗੁਰਬਾਜ ਸਿੰਘ ਪਰੇਸ਼ਾਨ ਸੀ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਮੁਖਤਿਆਰ ਸਿੰਘ ਵੱਲੋਂ ਖ਼ੁਦ ਨੂੰ ਗੋਲੀ ਮਾਰਨ ਦੀ ਸੂਚਨਾ ਮਿਲੀ ਸੀ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਮਾਮਲੇ ਨੂੰ ਖ਼ੁਦਕੁਸ਼ੀ ਮੰਨਿਆ ਗਿਆ ਸੀ। ਹਾਲਾਂਕਿ, ਪੁਲਿਸ ਨੂੰ ਮਿਲੇ ਸਬੂਤਾਂ ਤੋਂ ਬਾਅਦ ਜਾਂਚ ਅੱਗੇ ਵਧਾਈ ਗਈ ਅਤੇ ਗੁਰਬਾਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਪੁਲਿਸ ਅਨੁਸਾਰ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕੀਤਾ ਹੈ। ਉਸ ਖ਼ਿਲਾਫ਼ ਧਾਰਾ 103 ਬੀਐੱਨਐੱਸ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।

The post ਜ਼ਮੀਨੀ ਵਿਵਾਦ ’ਚ ਪੁੱਤ ਨੇ ਪਿਤਾ ਦਾ ਗੋਲੀ ਮਾਰ ਕੇ ਕੀਤਾ ਕਤਲ, ਖ਼ੁਦਕੁਸ਼ੀ ਦਾ ਮਾਮਲਾ ਸਮਝੀ ਪੁਲਿਸ ਨੇ ਜਾਂਚ ਮਗਰੋਂ ਕੀਤਾ ਖ਼ੁਲਾਸਾ appeared first on Desh Click.