School students made aware about traffic rules

School students made aware about traffic rules






  • ਸਕੂਲ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਸਾਂਝ ਕੇਂਦਰ ਦੀਆਂ ਸਹੂਲਤਾਂ ਬਾਰੇ ਕੀਤਾ ਜਾਗਰੂਕ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 03 ਸਤੰਬਰ (ਦੇਸ਼ ਕਲਿੱਕ ਬਿਊਰੋ): ਸੀਨੀਅਰ ਕਪਤਾਨ ਪੁਲਿਸ ਵਰੁਣ ਸ਼ਰਮਾ, ਆਈ.ਪੀ.ਐੱਸ., ਐਸ.ਪੀ. ਸ੍ਰੀ ਰਮਨਦੀਪ ਸਿੰਘ ਅਤੇ ਡੀ.ਐਸ.ਪੀ. ਟ੍ਰੈਫਿਕ ਸ੍ਰੀ ਕਰਨੈਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਟ੍ਰੈਫਿਕ ਐਜੂਕੇਸ਼ਨ ਸੈੱਲ ਅਤੇ ਸਾਂਝ ਕੇਂਦਰ ਇੰਚਾਰਜ ਸਿਟੀ-1 ਏ.ਐਸ.ਆਈ. ਜਨਕ ਰਾਜ ਵੱਲੋਂ ਬੀ.ਐੱਸ.ਐੱਚ. ਆਰੀਆ ਸੀਨੀਅਰ ਸੈਕੰਡਰੀ ਸਕੂਲ, ਸੋਹਾਣਾ ਵਿਖੇ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।

ਸੈਮੀਨਾਰ ਦੌਰਾਨ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ, ਖਾਸ ਕਰਕੇ ਨਾਬਾਲਗ ਬੱਚਿਆਂ ਵੱਲੋਂ ਵਾਹਨ ਨਾ ਚਲਾਉਣ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਨਾਬਾਲਗ ਵੱਲੋਂ ਵਾਹਨ ਚਲਾਉਂਦੇ ਫੜ੍ਹੇ ਜਾਣ ’ਤੇ 25,000 ਰੁਪਏ ਤੱਕ ਜੁਰਮਾਨਾ ਜਾਂ ਮਾਤਾ-ਪਿਤਾ ਨੂੰ 3 ਸਾਲ ਤੱਕ ਦੀ ਕੈਦ ਦੀ ਵਿਵਸਥਾ ਹੈ। ਵਿਦਿਆਰਥੀਆਂ ਨੂੰ ਬਿਨਾਂ ਡਰਾਈਵਿੰਗ ਲਾਇਸੈਂਸ ਵਾਹਨ ਨਾ ਚਲਾਉਣ ਦੀ ਹਦਾਇਤ ਕਰਦਿਆਂ ਦੋਪਹੀਆ ਵਾਹਨ ਚਲਾਉਂਦੇ ਸਮੇਂ ਲੜਕੇ ਅਤੇ ਲੜਕੀਆਂ ਨੂੰ ਲਾਜ਼ਮੀ ਤੌਰ ’ਤੇ ਹੈਲਮੈਟ ਪਹਿਨਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਮੌਕੇ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਾ ਕਰਨ ਅਤੇ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਂਦਿਆਂ ਨਸ਼ਿਆਂ ਤੋਂ ਦੂਰ ਰਹਿਣ ਅਤੇ ਹੋਰਨਾਂ ਨੂੰ ਵੀ ਇਸ ਸਬੰਧੀ ਜਾਗਰੂਕ ਕਰਨ ਦਾ ਸੱਦਾ ਦਿੱਤਾ ਗਿਆ।

ਸੈਮੀਨਾਰ ਦੌਰਾਨ ਯੁਵਾ ਸਾਂਝ ਅਤੇ ਸਾਂਝ ਕੇਂਦਰਾਂ ਰਾਹੀਂ ਆਮ ਲੋਕਾਂ ਅਤੇ ਨੌਜਵਾਨਾਂ ਨੂੰ ਮਿਲਣ ਵਾਲੀਆਂ ਵੱਖ-ਵੱਖ ਸਹੂਲਤਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਪੁਲਿਸ ਤੋਂ ਮਦਦ ਲੈਣ ਜਾਂ ਪੁਲਿਸ ਨੂੰ ਸੂਚਨਾ ਦੇਣ ਲਈ ਹੈਲਪਲਾਈਨ ਨੰਬਰ 112 ਅਤੇ ਸਾਈਬਰ ਕ੍ਰਾਈਮ ਨਾਲ ਸਬੰਧਤ ਮਾਮਲਿਆਂ ਲਈ 1930 ’ਤੇ ਕਾਲ ਕਰਨ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ।

ਪੁਲਿਸ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਖੁਦ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੂੰ ਵੀ ਸੜਕ ਸੁਰੱਖਿਆ ਪ੍ਰਤੀ ਜਾਗਰੂਕ ਕਰਨ, ਤਾਂ ਜੋ ਹਾਦਸਿਆਂ ਨੂੰ ਘਟਾਇਆ ਜਾ ਸਕੇ ਅਤੇ ਸੁਰੱਖਿਅਤ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਇਆ ਜਾ ਸਕੇ।