Amritsar Airport decorate with flowers on Parkash Purab of Sri Guru Ramdas Ji

Amritsar Airport decorate with flowers on Parkash Purab of Sri Guru Ramdas Ji






  • ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਲਈ ਅੰਮ੍ਰਿਤਸਰ ਏਅਰਪੋਰਟ ਫੁੱਲਾਂ ਨਾਲ ਸਜਾਉਣ ਦੀ ਸੇਵਾ ਸ਼ੁਰੂ

ਅੰਮ੍ਰਿਤਸਰ, 25 ਅਕਤੂਬਰ (ਦੇਸ਼ ਕਲਿੱਕ ਬਿਊਰੋ): ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਧਾਰਮਿਕ ਨਗਰੀ ਅੰਮ੍ਰਿਤਸਰ ਵਿੱਚ ਤਿਆਰੀਆਂ ਜ਼ੋਰਾਂ ’ਤੇ ਹਨ। ਇਸੇ ਲੜੀ ਤਹਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਦੇ ਸਵਾਗਤ ਲਈ ਸੁੰਦਰ ਅਤੇ ਸੁਗੰਧਿਤ ਫੁੱਲਾਂ ਨਾਲ ਸਜਾਉਣ ਦੀ ਸੇਵਾ ਸ਼ੁਰੂ ਹੋ ਗਈ ਹੈ।

ਹਵਾਈ ਅੱਡੇ ਦੇ ਆਗਮਨ ਅਤੇ ਰਵਾਨਗੀ ਖੇਤਰਾਂ ਸਮੇਤ ਇਮੀਗ੍ਰੇਸ਼ਨ ਕਾਊਂਟਰਾਂ ਅਤੇ ਹੋਰ ਪ੍ਰਮੁੱਖ ਥਾਵਾਂ ਨੂੰ ਵੱਖ-ਵੱਖ ਕਿਸਮਾਂ ਦੇ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਹਵਾਈ ਅੱਡੇ ਦੇ ਅਹਾਤੇ ਵਿੱਚ ਗੁਰੂ ਸਾਹਿਬਾਨ ਦੇ ਸਰੂਪ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁੰਦਰ ਮਾਡਲ ਵੀ ਸਥਾਪਤ ਕੀਤਾ ਗਿਆ ਹੈ, ਜੋ ਯਾਤਰੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

ਦਿੱਲੀ ਅਤੇ ਕੋਲਕਾਤਾ ਤੋਂ ਪਹੁੰਚੇ ਕਾਰੀਗਰ
ਸਜਾਵਟ ਲਈ ਦੇਸ਼-ਵਿਦੇਸ਼ ਤੋਂ ਮੰਗਵਾਏ ਗਏ ਲਗਭਗ 25 ਤੋਂ 30 ਕਿਸਮਾਂ ਦੇ ਫੁੱਲ ਵਰਤੇ ਜਾ ਰਹੇ ਹਨ। ਇਸ ਸੇਵਾ ਵਿੱਚ ਦਿੱਲੀ ਅਤੇ ਕੋਲਕਾਤਾ ਤੋਂ ਆਏ ਵਿਸ਼ੇਸ਼ ਕਾਰੀਗਰ ਸਥਾਨਕ ਸੇਵਾਦਾਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ।

ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ’ਤੇ ਵੀ ਹੋਵੇਗੀ ਸਜਾਵਟ
ਪ੍ਰਕਾਸ਼ ਪੁਰਬ ਮੌਕੇ ਫੁੱਲਾਂ ਨਾਲ ਸਜਾਵਟ ਦੀ ਇਹ ਸੇਵਾ ਸਿਰਫ਼ ਹਵਾਈ ਅੱਡੇ ਤੱਕ ਸੀਮਤ ਨਹੀਂ ਰਹੇਗੀ। ਅੰਮ੍ਰਿਤਸਰ ਰੇਲਵੇ ਸਟੇਸ਼ਨ, ਬੱਸ ਅੱਡੇ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਨੂੰ ਵੀ ਸ਼ਾਨਦਾਰ ਢੰਗ ਨਾਲ ਸਜਾਇਆ ਜਾਵੇਗਾ। ਇਹ ਸੇਵਾ ਪ੍ਰਕਾਸ਼ ਪੁਰਬ ਦੌਰਾਨ ਹੋਣ ਵਾਲੇ ਕੀਰਤਨ ਅਤੇ ਧਾਰਮਿਕ ਸਮਾਗਮਾਂ ਤੱਕ ਜਾਰੀ ਰਹੇਗੀ। ਇਸ ਦਾ ਉਦੇਸ਼ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਪਹੁੰਚਣ ਵਾਲੀਆਂ ਸੰਗਤਾਂ ਦਾ ਨਿੱਘਾ ਸਵਾਗਤ ਕਰਨਾ ਹੈ।