Anti-begging task team conducts checks; child found wandering on road

Anti-begging task team conducts checks; child found wandering on road






  • ਐਂਟੀ ਬੈਗਿੰਗ ਟਾਸਕ ਟੀਮ ਵੱਲੋਂ ਚੈਕਿੰਗ; ਸੜਕ ’ਤੇ ਘੁੰਮਦਾ ਬੱਚਾ ਮਿਲਿਆ

ਸੰਗਰੂਰ, 24 ਅਕਤੂਬਰ (ਦੇਸ਼ ਕਲਿੱਕ ਬਿਊਰੋ): ਜ਼ਿਲ੍ਹਾ ਸੰਗਰੂਰ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਬੱਚਿਆਂ ਨੂੰ ਭੀਖ ਮੰਗਣ ਤੋਂ ਰੋਕਣ ਦੇ ਉਦੇਸ਼ ਨਾਲ ਐਂਟੀ ਬੈਗਿੰਗ ਟਾਸਕ ਟੀਮ ਵੱਲੋਂ ਸੁਨਾਮੀ ਗੇਟ ਵਿਖੇ ਚੈਕਿੰਗ ਕੀਤੀ ਗਈ। ਇਸ ਦੌਰਾਨ ਇੱਕ ਬੱਚਾ ਸੜਕ ’ਤੇ ਬਿਨਾਂ ਕਿਸੇ ਸਪੱਸ਼ਟ ਉਦੇਸ਼ ਦੇ ਘੁੰਮਦਾ ਹੋਇਆ ਪਾਇਆ ਗਿਆ। ਟੀਮ ਵੱਲੋਂ ਬੱਚੇ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਉਸ ਦੀ ਸੁਰੱਖਿਆ ਅਤੇ ਭਲਾਈ ਨੂੰ ਧਿਆਨ ਵਿੱਚ ਰੱਖ ਕੇ ਲੋੜੀਂਦੀ ਕਾਰਵਾਈ ਕੀਤੀ ਗਈ।

ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਪ੍ਰਦੀਪ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਵਿਭਾਗੀ ਟੀਮਾਂ ਵੱਲੋਂ ਨਿਗਰਾਨੀ ਅਤੇ ਜਾਂਚ ਦੀ ਕਾਰਵਾਈ ਕੀਤੀ ਜਾ ਰਹੀ ਹੈ। ਅਜਿਹੀਆਂ ਚੈਕਿੰਗਾਂ ਦਾ ਮੁੱਖ ਉਦੇਸ਼ ਬੱਚਿਆਂ ਨੂੰ ਅਸੁਰੱਖਿਅਤ ਹਾਲਾਤ ਤੋਂ ਬਚਾਉਣਾ ਅਤੇ ਉਨ੍ਹਾਂ ਨੂੰ ਲੋੜ ਅਨੁਸਾਰ ਸੁਰੱਖਿਆ ਅਤੇ ਸਹਾਇਤਾ ਪ੍ਰਦਾਨ ਕਰਨਾ ਹੈ।

ਚੈਕਿੰਗ ਦੌਰਾਨ ਸਿੱਖਿਆ ਵਿਭਾਗ ਤੋਂ ਸ਼ਸ਼ੀ ਭੂਸ਼ਨ, ਸਿਹਤ ਵਿਭਾਗ ਤੋਂ ਡਾ. ਪ੍ਰਣਵ ਕੁਮਾਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਸੰਗਰੂਰ ਤੋਂ ਗਗਨਦੀਪ ਗਰਗ ਅਤੇ ਰੁਪਿੰਦਰ ਸਿੰਘ ਮੌਜੂਦ ਸਨ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਉਨ੍ਹਾਂ ਦੇ ਧਿਆਨ ਵਿੱਚ ਕੋਈ ਬੱਚਾ ਅਸੁਰੱਖਿਅਤ ਹਾਲਾਤਾਂ ਵਿੱਚ, ਬੇਸਹਾਰਾ ਜਾਂ ਸੜਕਾਂ ’ਤੇ ਭਟਕਦਾ ਹੋਇਆ ਆਉਂਦਾ ਹੈ, ਤਾਂ ਇਸ ਸਬੰਧੀ ਤੁਰੰਤ ਸਬੰਧਤ ਵਿਭਾਗ ਜਾਂ ਬਾਲ ਸਹਾਇਤਾ ਹੈਲਪਲਾਈਨ 1098 ’ਤੇ ਸੂਚਨਾ ਦਿੱਤੀ ਜਾਵੇ, ਤਾਂ ਜੋ ਬੱਚੇ ਨੂੰ ਸਮੇਂ ਸਿਰ ਲੋੜੀਂਦੀ ਸਹਾਇਤਾ ਅਤੇ ਸੁਰੱਖਿਆ ਮੁਹੱਈਆ ਕਰਵਾਈ ਜਾ ਸਕੇ।