BJP Trying To Defame Punjab & Its Farmers: Harpal Cheema

BJP Trying To Defame Punjab & Its Farmers: Harpal Cheema






  • ਭਾਜਪਾ ਹਮੇਸ਼ਾ ਕਿਸਾਨ ਅਤੇ ਪੰਜਾਬ ਵਿਰੋਧੀ ਰਹੀ ਹੈ, ਹੁਣ ਪੰਜਾਬ ਅਤੇ ਇਸ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ: ਹਰਪਾਲ ਚੀਮਾ
  • ਪੰਜਾਬ ਦੇ ਕਿਸਾਨਾਂ ਵਿਰੁੱਧ ਕੇਸ ਦਰਜ ਕਰਨ ਦੀ ਭਾਜਪਾ ਆਗੂਆਂ ਦੀ ਮੰਗ ਭਾਜਪਾ ਦੀ ਪੰਜਾਬ ਵਿਰੋਧੀ ਅਤੇ ਕਿਸਾਨ ਵਿਰੋਧੀ ਮਾਨਸਿਕਤਾ ਨੂੰ ਸਾਬਤ ਕਰਦੀ ਹੈ: ਹਰਪਾਲ ਸਿੰਘ ਚੀਮਾ
  • ਝੋਨੇ ਦੀ ਵਾਢੀ ਜ਼ੋਰ ਫੜਨ ਤੋਂ ਪਹਿਲਾਂ ਹੀ ਦਿੱਲੀ ਧੂੰਆਂ ਪਹੁੰਚਣ ਦਾ ਡਰਾਮਾ ਰਚ ਰਹੇ ਹਨ ਭਾਜਪਾ ਆਗੂ: ਬਲਤੇਜ ਪੰਨੂ
  • ਪੰਜਾਬ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 80% ਤੱਕ ਦੀ ਕਮੀ ਦਰਜ ਕੀਤੀ, ਕਿਸਾਨਾਂ ਨੂੰ ₹800 ਕਰੋੜ ਤੋਂ ਵੱਧ ਦੀ ਮਸ਼ੀਨਰੀ ਮੁਹੱਈਆ ਕਰਵਾਈ: ਬਲਤੇਜ ਪੰਨੂ
  • ਪੰਜਾਬ ਨੂੰ ‘ਨਸ਼ੇੜੀਆਂ’ ਅਤੇ ‘ਪ੍ਰਦੂਸਸ਼ੱਕਾਰੀ ਦਾ ਸੂਬਾ ਦੱਸਣਾ ਬੰਦ ਕਰੋ, ਸਾਡੇ ਕਿਸਾਨ ਦੇਸ਼ ਦਾ ਢਿੱਡ ਭਰਦੇ ਹਨ: ਬਲਤੇਜ ਪੰਨੂ
  • ਜਦੋਂ ਪੰਜਾਬ ਵਿੱਚ ਅੱਗ ਲੱਗ ਹੀ ਨਹੀਂ ਰਹੀ, ਤਾਂ ਭਾਜਪਾ ਮੰਤਰੀ ਮਨਜਿੰਦਰ ਸਿੰਘ ਸਿਰਸਾ ਦਿੱਲੀ ਵਿੱਚ ਸਮੌਗ ਦਾ ਡਰਾਮਾ ਕਿਉਂ ਕਰ ਰਹੇ ਹਨ: ਬਲਤੇਜ ਪੰਨੂ
  • ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ₹800 ਕਰੋੜ ਤੋਂ ਵੱਧ ਦੀ ਮਸ਼ੀਨਰੀ ਦਿੱਤੀ ਗਈ, ਫਿਰ ਵੀ ਭਾਜਪਾ ਝੂਠ ਫੈਲਾਉਣਾ ਜਾਰੀ ਰੱਖ ਰਹੀ ਹੈ: ਬਲਤੇਜ ਪੰਨੂ

ਚੰਡੀਗੜ੍ਹ 24 ਅਕਤੂਬਰ (ਦੇਸ਼ ਕਲਿੱਕ ਬਿਊਰੋ): ਆਮ ਆਦਮੀ ਪਾਰਟੀ (ਆਪ) ਨੇ ਭਾਰਤੀ ਜਨਤਾ ਪਾਰਟੀ ਅਤੇ ਉਸ ਦੇ ਆਗੂ ਮਨਜਿੰਦਰ ਸਿੰਘ ਸਿਰਸਾ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਭਾਜਪਾ ਹਮੇਸ਼ਾ ਤੋਂ ਕਿਸਾਨ ਵਿਰੋਧੀ ਪਾਰਟੀ ਰਹੀ ਹੈ ਅਤੇ ਹੁਣ ਝੂਠੀ ਬਿਆਨਬਾਜ਼ੀ ਕਰਕੇ ਪੰਜਾਬ ਅਤੇ ਇੱਥੋਂ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਹੀ ਹੈ। ਪਾਰਟੀ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਕਿਸਾਨਾਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ ਅਤੇ ਪਰਾਲੀ ਪ੍ਰਬੰਧਨ ਲਈ ਠੋਸ ਕਦਮ ਚੁੱਕੇ ਗਏ ਹਨ, ਜਦਕਿ ਭਾਜਪਾ ਨੇਤਾ ਕਿਸਾਨਾਂ ‘ਤੇ ਪਰਚੇ ਦਰਜ ਕਰਵਾਉਣ ਦੀਆਂ ਗੱਲਾਂ ਕਰਕੇ ਆਪਣੀ ਕਿਸਾਨ-ਵਿਰੋਧੀ ਸੋਚ ਦਾ ਸਬੂਤ ਦੇ ਰਹੇ ਹਨ।

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਅਤੇ ਭਾਜਪਾ ‘ਤੇ ਵਰ੍ਹਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਤੋਂ ਹੀ ਕਿਸਾਨ ਵਿਰੋਧੀ ਪਾਰਟੀ ਰਹੀ ਹੈ। ਉਨ੍ਹਾਂ ਕਿਹਾ ਕਿ ਸਿਰਸਾ ਅਤੇ ਭਾਜਪਾ ਆਗੂ ਬਾਰ-ਬਾਰ ਕਿਸਾਨਾਂ ਦੇ ਖ਼ਿਲਾਫ਼ ਪਰਚੇ ਦਰਜ ਕਰਨ ਦੀਆਂ ਮੰਗਾਂ ਕਰ ਰਹੇ ਹਨ, ਜੋ ਕਿ ਉਨ੍ਹਾਂ ਦੀ ਕਿਸਾਨ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦਾ ਹੈ।

ਚੀਮਾ ਨੇ ਸਪੱਸ਼ਟ ਕੀਤਾ ਕਿ ਪੰਜਾਬ ਦਾ ਕਿਸਾਨ ਕੋਈ ਅੱਗ ਨਹੀਂ ਲਗਾ ਰਿਹਾ। ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ 5 ਸਾਲਾਂ ਤੋਂ ਲਗਾਤਾਰ ਮਸ਼ੀਨਰੀ ਖਰੀਦ ਕੇ ਪੰਜਾਬ ਦੇ ਕਿਸਾਨਾਂ ਨੂੰ ਦੇ ਰਹੀ ਹੈ, ਜਿਸ ਕਰਕੇ ਸੂਬੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਹੁਣ ਨਾ-ਮਾਤਰ ਰਹਿ ਗਈਆਂ ਹਨ। ਸਰਕਾਰ ਨੇ ਕਿਸਾਨਾਂ ਨੂੰ ਜਾਗਰੂਕ ਕੀਤਾ ਹੈ ਅਤੇ ਜੇਕਰ ਕਿਤੇ ਇੱਕਾ-ਦੁੱਕਾ ਘਟਨਾ ਹੁੰਦੀ ਵੀ ਹੈ, ਤਾਂ ਉਸ ਨੂੰ ਮੁਕੰਮਲ ਤੌਰ ‘ਤੇ ਪਰਾਲੀ ਸਾੜਨਾ ਨਹੀਂ ਕਿਹਾ ਜਾ ਸਕਦਾ। ਚੀਮਾ ਨੇ ਸਿਰਸਾ ਨੂੰ ਸਲਾਹ ਦਿੱਤੀ ਕਿ ਉਹ ਪੰਜਾਬ ‘ਤੇ ਝੂਠੇ ਦੋਸ਼ ਲਗਾਉਣ ਦੀ ਬਜਾਏ ਦਿੱਲੀ ਨਾਲ ਲੱਗਦੇ ਭਾਜਪਾ ਸ਼ਾਸਿਤ ਸੂਬਿਆਂ ਜਿਵੇਂ ਹਰਿਆਣਾ ਅਤੇ ਯੂਪੀ ਦੀ ਗੱਲ ਕਰਨ।

ਉਥੇ ਹੀ ‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਭਾਜਪਾ ਨੇਤਾਵਾਂ ਦੇ ਬਿਆਨਾਂ ਨੂੰ ਸਸਤੀ ਸਿਆਸਤ ਦੱਸਦਿਆਂ ਕਿਹਾ ਕਿ ਜਦੋਂ ਵੀ ਝੋਨੇ ਦਾ ਸੀਜ਼ਨ ਸ਼ੁਰੂ ਹੁੰਦਾ ਹੈ, ਤਾਂ ਅਜੇ ਕਟਾਈ ਠੀਕ ਤਰ੍ਹਾਂ ਸ਼ੁਰੂ ਵੀ ਨਹੀਂ ਹੁੰਦੀ ਕਿ ਵਿਰੋਧੀ ਨੇਤਾਵਾਂ ਨੂੰ ਕਿਸਾਨਾਂ ਤੋਂ ਤਕਲੀਫ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਪਿਛਲੇ ਦਿਨਾਂ ‘ਚ ਹੋਈ ਬਾਰਿਸ਼ ਕਰਕੇ ਝੋਨੇ ਦੀ ਕਟਾਈ ਵਿੱਚ ਦੇਰੀ ਹੋਈ ਹੈ ਅਤੇ ਕਟਾਈ ਨੇ ਅਜੇ ਰਫ਼ਤਾਰ ਵੀ ਨਹੀਂ ਫੜੀ, ਪਰ ਸਿਰਸਾ ਵਰਗੇ ਨੇਤਾਵਾਂ ਨੇ ਪਹਿਲਾਂ ਹੀ ਦਿੱਲੀ ਵਿੱਚ ਧੂੰਆਂ ਪਹੁੰਚਣ ਦਾ ਡਰਾਮਾ ਸ਼ੁਰੂ ਕਰ ਦਿੱਤਾ। ਪੰਨੂ ਨੇ ਤਨਜ਼ ਕੱਸਦਿਆਂ ਕਿਹਾ ਕਿ ਅਜੇ ਪੰਜਾਬ ‘ਚ ਅੱਗ ਲੱਗੀ ਹੀ ਨਹੀਂ, ਤਾਂ ਇਹ ਧੂੰਆਂ ਹਰਿਆਣਾ ਛੱਡ ਕੇ ਕਿਸੇ ਪਾਈਪ ਰਾਹੀਂ ਸਿੱਧਾ ਦਿੱਲੀ ਕਿਵੇਂ ਪਹੁੰਚ ਗਿਆ?

ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਵੀ ਇਹ ਗੱਲ ਮੰਨੀ ਗਈ ਹੈ ਕਿ ਪੰਜਾਬ ਨੇ ਪਿਛਲੇ ਸਾਲ ਪਰਾਲੀ ਸਾੜਨ ‘ਤੇ 80% ਤੱਕ ਕੰਟਰੋਲ ਕਰ ਲਿਆ ਸੀ ਅਤੇ ਇਸੇ ਸਾਲ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਪਰਾਲੀ ਸੰਭਾਲਣ ਲਈ 800 ਕਰੋੜ ਰੁਪਏ ਤੋਂ ਵੱਧ ਦੀਆਂ ਮਸ਼ੀਨਾਂ ਦਿੱਤੀਆਂ ਹਨ। ਇਸ ਦੇ ਬਾਵਜੂਦ ਭਾਜਪਾ ਨੇਤਾ ਸੰਸਦ ਦੇ ਅਧਿਕਾਰਤ ਅੰਕੜਿਆਂ ਨੂੰ ਵੀ ਚੈਲੇਂਜ ਕਰ ਰਹੇ ਹਨ।

ਪੰਨੂ ਨੇ ਚੇਤਾਵਨੀ ਦਿੱਤੀ ਕਿ ਪੰਜਾਬ ਨੂੰ ‘ਨਸ਼ੇੜੀ’ ਜਾਂ ‘ਪ੍ਰਦੂਸ਼ਣਕਾਰੀ’ ਕਹਿ ਕੇ ਬਦਨਾਮ ਕਰਨ ਦੀ ਸਾਜ਼ਿਸ਼ ਤੁਰੰਤ ਬੰਦ ਕੀਤੀ ਜਾਵੇ, ਕਿਉਂਕਿ ਦੇਸ਼ ਦੇ ‘ਫੂਡ ਬਾਊਲ’ ਵਜੋਂ ਪੰਜਾਬ ਦੇ ਕਿਸਾਨ ਪੂਰੇ ਮੁਲਕ ਦਾ ਢਿੱਡ ਭਰਨ ਲਈ ਸਭ ਤੋਂ ਵੱਡਾ ਯੋਗਦਾਨ ਪਾਉਂਦੇ ਹਨ।