CM ਮਾਨ ਦੇ OSD ਰਾਜਵੀਰ ਘੁੰਮਣ ਅੱਜ ਮੁੜ ਸੀਬੀਆਈ ਸਾਹਮਣੇ ਹੋਣਗੇ ਪੇਸ਼
ਚੰਡੀਗੜ੍ਹ 19 ਅਕਤੂਬਰ 2026:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਵੀਰ ਸਿੰਘ ਘੁੰਮਣ ਅੱਜ ਮੁੜ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਸਾਹਮਣੇ ਪੇਸ਼ ਹੋਣਗੇ। ਜਾਣਕਾਰੀ ਅਨੁਸਾਰ, ਦੋ ਦਿਨ ਪਹਿਲਾਂ ਵੀ ਰਾਜਵੀਰ ਘੁੰਮਣ ਸੀਬੀਆਈ ਦੇ ਸਾਹਮਣੇ ਪੇਸ਼ ਹੋਏ ਸਨ, ਜਿੱਥੇ ਜਾਂਚ ਅਧਿਕਾਰੀਆਂ ਵੱਲੋਂ ਉਨ੍ਹਾਂ ਕੋਲੋਂ ਲਗਭਗ 40 ਸਵਾਲ ਪੁੱਛੇ ਗਏ ਸਨ। ਉਨ੍ਹਾਂ ਨੇ ਜਾਂਚ ਅਧਿਕਾਰੀਆਂ ਦੇ ਸਵਾਲਾਂ ਦੇ ਜਵਾਬ ਦਰਜ ਕਰਵਾਏ ਸਨ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਦਫ਼ਤਰ ਨਾਲ ਸਬੰਧਤ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਜਾਂਚ ਸੀਬੀਆਈ ਵੱਲੋਂ ਕੀਤੀ ਜਾ ਰਹੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਸੀਬੀਆਈ ਨੇ ਇਸ ਮਾਮਲੇ ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਦਰਜ ਮਾਮਲੇ ਵਿੱਚ ਰਾਜਵੀਰ ਘੁੰਮਣ ਸਮੇਤ ਉਨ੍ਹਾਂ ਨਾਲ ਸਬੰਧਤ ਕੁਝ ਹੋਰ ਵਿਅਕਤੀਆਂ ਦੇ ਨਾਂ ਵੀ ਸ਼ਾਮਲ ਦੱਸੇ ਜਾ ਰਹੇ ਹਨ।
ਅੱਜ ਦੀ ਪੇਸ਼ੀ ਦੌਰਾਨ ਸੀਬੀਆਈ ਵੱਲੋਂ ਰਾਜਵੀਰ ਘੁੰਮਣ ਤੋਂ ਮਾਮਲੇ ਨਾਲ ਜੁੜੇ ਹੋਰ ਤੱਥਾਂ ਅਤੇ ਦਸਤਾਵੇਜ਼ਾਂ ਸਬੰਧੀ ਪੁੱਛਗਿੱਛ ਕੀਤੇ ਜਾਣ ਦੀ ਸੰਭਾਵਨਾ ਹੈ। ਹਾਲਾਂਕਿ, ਜਾਂਚ ਨਾਲ ਜੁੜੇ ਵੇਰਵਿਆਂ ਬਾਰੇ ਅਧਿਕਾਰਤ ਤੌਰ ’ਤੇ ਵਿਸਥਾਰਤ ਜਾਣਕਾਰੀ ਸਾਹਮਣੇ ਨਹੀਂ ਆਈ।
The post CM ਮਾਨ ਦੇ OSD ਰਾਜਵੀਰ ਘੁੰਮਣ ਅੱਜ ਮੁੜ ਸੀਬੀਆਈ ਸਾਹਮਣੇ ਹੋਣਗੇ ਪੇਸ਼ appeared first on Desh Click.