Punjab government employees’ ‘pen-down’ strike extended until August 21.

Punjab government employees’ ‘pen-down’ strike extended until August 21.






 

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ 21 ਅਗਸਤ ਤੱਕ ਵਧੀ

ਚੰਡੀਗੜ੍ਹ, 19 ਅਗਸਤ 2026

ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ (PSMSU) ਨੇ ਆਪਣੀ ਕਲਮ ਛੋੜ/ਕੰਪਿਊਟਰ ਬੰਦ ਹੜਤਾਲ ਨੂੰ 21 ਅਗਸਤ 2026 ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਯੂਨੀਅਨ ਦੀ ਹੋਈ ਆਨਲਾਈਨ ਹੰਗਾਮੀ ਮੀਟਿੰਗ ਦੌਰਾਨ ਸੂਬਾ ਲੀਡਰਸ਼ਿਪ, ਵਿਭਾਗੀ ਜਥੇਬੰਦੀਆਂ ਦੇ ਆਗੂਆਂ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨਾਂ ਤੇ ਜਨਰਲ ਸਕੱਤਰਾਂ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਬਹੁਮਤ ਨਾਲ ਲਿਆ ਗਿਆ।

ਯੂਨੀਅਨ ਮੁਤਾਬਕ 17 ਅਤੇ 18 ਅਗਸਤ ਨੂੰ ਕੀਤੀ ਗਈ ਕਲਮ ਛੋੜ/ਕੰਪਿਊਟਰ ਬੰਦ ਹੜਤਾਲ ਸੌ ਫੀਸਦੀ ਕਾਮਯਾਬ ਰਹੀ ਹੈ। ਮੀਟਿੰਗ ਵਿੱਚ ਆਗੂਆਂ ਨੇ ਹੜਤਾਲ ਨੂੰ ਅੱਗੇ ਵੀ ਜਾਰੀ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਤੋਂ ਬਾਅਦ ਸੂਬਾ ਲੀਡਰਸ਼ਿਪ ਨੇ ਬਹੁਮਤ ਦੇ ਆਧਾਰ ’ਤੇ ਹੜਤਾਲ ਨੂੰ 21 ਅਗਸਤ ਤੱਕ ਵਧਾਉਣ ਦਾ ਫੈਸਲਾ ਕੀਤਾ।

ਯੂਨੀਅਨ ਨੇ ਕਿਹਾ ਕਿ ਹੜਤਾਲ ਦੌਰਾਨ ਪੰਜਾਬ ਸਰਕਾਰ ਵੱਲੋਂ 17 ਅਗਸਤ 2026 ਨੂੰ ਜਾਰੀ ਕੀਤੇ ਗਏ ਡੀਏ ’ਤੇ ਰੋਕ ਲਗਾਉਣ ਸਬੰਧੀ ਪੱਤਰ ਦੀਆਂ ਕਾਪੀਆਂ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਮੁਲਾਜ਼ਮ ਜਥੇਬੰਦੀ ਨੇ ਸਰਕਾਰ ਦੇ ਇਸ ਫੈਸਲੇ ’ਤੇ ਆਪਣਾ ਵਿਰੋਧ ਦਰਜ ਕਰਵਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ।

ਪ੍ਰੈਸ ਨੋਟ ਵਿੱਚ ਦੱਸਿਆ ਗਿਆ ਕਿ ਹੜਤਾਲ ਸਬੰਧੀ ਅਗਲੀ ਸੂਬਾ ਪੱਧਰੀ ਮੀਟਿੰਗ 22 ਅਗਸਤ 2026 ਨੂੰ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਅਗਲੇ ਸੰਘਰਸ਼ ਦੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕਰਕੇ ਅਗਲਾ ਫੈਸਲਾ ਲਿਆ ਜਾਵੇਗਾ। ਇਹ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਅਤੇ ਸੂਬਾ ਜਨਰਲ ਸਕੱਤਰ ਤਰਸੇਮ ਸਿੰਘ ਭੱਠਲ ਵੱਲੋਂ ਜਾਰੀ ਕੀਤੇ ਪ੍ਰੈਸ ਨੋਟ ਰਾਹੀਂ ਦਿੱਤੀ ਗਈ।