Sukhna’s Ramsar tag comes from Iran not from Amritsar’s holy Ramsar Sarovar

Sukhna’s Ramsar tag comes from Iran not from Amritsar’s holy Ramsar Sarovar


  • ਸੁਖਨਾ ਦਾ ‘ਰਾਮਸਰ’ ਟੈਗ ਈਰਾਨ ਤੋਂ ਆਇਆ ਹੈ, ਅੰਮ੍ਰਿਤਸਰ ਦੇ ਪਵਿੱਤਰ ਰਾਮਸਰ ਸਰੋਵਰ ਤੋਂ ਨਹੀਂ: KBS ਸਿੱਧੂ
  • ਕਰਨ ਬੀਰ ਸਿੰਘ ਸਿੱਧੂ ਵੱਲੋਂ ਯੂਟੀ ਪ੍ਰਸ਼ਾਸਨ ਨੂੰ ਵਧਾਈ; ਤਿੰਨ ਭਾਸ਼ਾਵਾਂ ਵਿੱਚ ਸਰਲ ਵਿਆਖਿਆ ਅਤੇ ਝੀਲ ਦੀ ਸੰਭਾਲ ਲਈ ਪੰਜਾਬ–ਹਰਿਆਣਾ ਸਹਿਯੋਗ ਦੀ ਮੰਗ

ਚੰਡੀਗੜ੍ਹ, 16 ਅਕਤੂਬਰ (ਦੇਸ਼ ਕਲਿੱਕ ਬਿਊਰੋ): ਰਾਮਸਰ ਕਨਵੈਨਸ਼ਨ ਅਧੀਨ ਸੁਖਨਾ ਵੈਟਲੈਂਡ ਨੂੰ ਚੰਡੀਗੜ੍ਹ ਦੀ ਪਹਿਲੀ ‘ਅੰਤਰਰਾਸ਼ਟਰੀ ਮਹੱਤਤਾ ਵਾਲੀ ਜਲਗਾਹ’ ਐਲਾਨੇ ਜਾਣ ਦੇ ਨਾਲ ਲੋਕਾਂ ਲਈ ਇੱਕ ਸਰਲ ਵਿਆਖਿਆ ਵੀ ਦਿੱਤੀ ਜਾਣੀ ਚਾਹੀਦੀ ਹੈ। ਕਿਸੇ ਝੀਲ ਨਾਲ ਜੁੜ ਕੇ ‘ਰਾਮਸਰ’ ਸ਼ਬਦ ਨੂੰ ਆਸਾਨੀ ਨਾਲ ਅੰਮ੍ਰਿਤਸਰ ਦੇ ਇਤਿਹਾਸਕ ਰਾਮਸਰ ਸਰੋਵਰ ਨਾਲ ਜੋੜਿਆ ਜਾ ਸਕਦਾ ਹੈ। ਅਸਲ ਵਿੱਚ ਇੱਥੇ ‘ਰਾਮਸਰ’ ਸਿਰਫ਼ ਈਰਾਨ ਦੇ ਉਸ ਸ਼ਹਿਰ ਨੂੰ ਦਰਸਾਉਂਦਾ ਹੈ ਜਿੱਥੇ 1971 ਵਿੱਚ ਅੰਤਰਰਾਸ਼ਟਰੀ ਜਲਗਾਹ ਕਨਵੈਨਸ਼ਨ ਅਪਣਾਈ ਗਈ ਸੀ, ਅਤੇ ਸੁਖਨਾ ਦਾ ਨਾਂ ਤੇ ਪਛਾਣ ਜਿਉਂ ਦੇ ਤਿਉਂ ਹਨ। ਇਹ ਸੁਝਾਅ ਪੰਜਾਬ ਸਰਕਾਰ ਦੇ ਸੇਵਾਮੁਕਤ ਵਿਸ਼ੇਸ਼ ਮੁੱਖ ਸਕੱਤਰ ਅਤੇ ਅੰਮ੍ਰਿਤਸਰ ਦੇ ਸਾਬਕਾ ਡਿਪਟੀ ਕਮਿਸ਼ਨਰ ਕਰਨ ਬੀਰ ਸਿੰਘ ਸਿੱਧੂ ਦਾ ਹੈ।

ਕਰਨ ਬੀਰ ਸਿੰਘ ਸਿੱਧੂ ਨੇ ਇਸ ਮਾਨਤਾ ਲਈ ਚੰਡੀਗੜ੍ਹ ਪ੍ਰਸ਼ਾਸਨ ਨੂੰ ਵਧਾਈ ਦਿੱਤੀ ਹੈ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਲਿਖੇ ਇੱਕ ਅਰਧ-ਸਰਕਾਰੀ ਪੱਤਰ ਵਿੱਚ ਉਨ੍ਹਾਂ ਨੇ ਇਸ ਨੂੰ ਸੁਖਨਾ ਦੀ ਵਾਤਾਵਰਣਕ ਮਹੱਤਤਾ ਦੀ ਸਵਾਗਤਯੋਗ ਮਾਨਤਾ ਅਤੇ ਝੀਲ ਪ੍ਰਤੀ ਸ਼ਹਿਰ ਦੀ ਵਚਨਬੱਧਤਾ ਨੂੰ ਨਵਿਆਉਣ ਦਾ ਮੌਕਾ ਦੱਸਿਆ।

ਉਨ੍ਹਾਂ ਕਿਹਾ ਕਿ ਸੰਭਾਲ ਮਾਹਿਰ ‘ਰਾਮਸਰ ਸਾਈਟ’ ਸ਼ਬਦ ਤੋਂ ਭਲੀ-ਭਾਂਤ ਜਾਣੂ ਹਨ, ਪਰ ਆਮ ਲੋਕਾਂ ਵਿੱਚੋਂ ਬਹੁਤੇ ਸ਼ਾਇਦ ਨਹੀਂ। ਇਸ ਦੇ ਉਲਟ, ਚੰਡੀਗੜ੍ਹ ਦੇ ਆਪਣੇ ਨਾਂ ਦੀਆਂ ਜੜ੍ਹਾਂ ਸਥਾਨਕ ਵਿਰਸੇ ਵਿੱਚ ਡੂੰਘੀਆਂ ਹਨ: ਸ਼ਹਿਰ ਦਾ ਨਾਂ ਨੇੜਲੇ ਚੰਡੀ ਮੰਦਰ ਤੋਂ ਲਿਆ ਗਿਆ ਹੈ, ਜੋ ਦੇਵੀ ਦੁਰਗਾ ਦੇ ਸਰੂਪ ਮਾਤਾ ਚੰਡੀ ਨੂੰ ਸਮਰਪਿਤ ਹੈ ਅਤੇ ਨਰਾਤਿਆਂ ਦੌਰਾਨ ਵਿਸ਼ੇਸ਼ ਸ਼ਰਧਾ ਦਾ ਕੇਂਦਰ ਰਹਿੰਦਾ ਹੈ। ਇੱਕ ਸੰਖੇਪ ਵਿਆਖਿਆ ਨਾਲ ਇਹ ਸਪਸ਼ਟ ਹੋ ਜਾਵੇਗਾ ਕਿ ਰਾਮਸਰ ਦਰਜੇ ਨਾਲ ਸੁਖਨਾ ਝੀਲ ਦਾ ਨਾਂ ਨਹੀਂ ਬਦਲਦਾ ਅਤੇ ਨਾ ਹੀ ਇਸ ਨਾਲ ਕੋਈ ਨਵਾਂ ਸੰਬੰਧ ਜੁੜਦਾ ਹੈ।

ਕਰਨ ਬੀਰ ਸਿੰਘ ਸਿੱਧੂ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ:
• ਸਾਰੀ ਪ੍ਰਚਾਰ ਸਮੱਗਰੀ ਵਿੱਚ “ਸੁਖਨਾ ਵੈਟਲੈਂਡ, ਚੰਡੀਗੜ੍ਹ” ਨਾਂ ਨੂੰ ਪ੍ਰਮੁੱਖਤਾ ਨਾਲ ਕਾਇਮ ਰੱਖਿਆ ਜਾਵੇ;
• ਸਰਕਾਰੀ ਵੈੱਬਸਾਈਟਾਂ, ਸੂਚਨਾ-ਬੋਰਡਾਂ ਅਤੇ ਪ੍ਰਚਾਰ ਸਮੱਗਰੀ ਉੱਤੇ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿੱਚ ਇੱਕ ਸੰਖੇਪ ਵਿਆਖਿਆਤਮਕ ਸਤਰ ਜੋੜੀ ਜਾਵੇ; ਅਤੇ
• ਮਾਹਿਰਾਂ ਦੀ ਸਲਾਹ ਨਾਲ ਅਤੇ ਨਿਰਧਾਰਤ ਮਾਧਿਅਮਾਂ ਰਾਹੀਂ ਇਹ ਘੋਖਿਆ ਜਾਵੇ ਕਿ ਕੀ ਸੁਖਨਾ ਕਿਸੇ ਢੁਕਵੇਂ ਯੂਨੈਸਕੋ ਢਾਂਚੇ ਅਧੀਨ ਹੋਰ ਮਾਨਤਾ ਦੇ ਯੋਗ ਹੈ।

ਆਖ਼ਰੀ ਨੁਕਤੇ ਬਾਰੇ ਉਨ੍ਹਾਂ ਸਾਵਧਾਨ ਕੀਤਾ ਕਿ ਅਜਿਹੀ ਕੋਈ ਵੀ ਪਹਿਲਕਦਮੀ ਪਹਿਲਾਂ ਤੋਂ ਯੋਗਤਾ ਮੰਨੇ ਬਿਨਾਂ, ਸਬੂਤਾਂ ’ਤੇ ਅਧਾਰਤ ਮੁਲਾਂਕਣ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਾਮਸਰ ਸੂਚੀ ਇੱਕ ਵੱਖਰੀ ਮਾਨਤਾ ਹੈ ਅਤੇ ਆਪਣੇ ਆਪ ਵਿੱਚ ਯੂਨੈਸਕੋ ਵਿਸ਼ਵ ਵਿਰਾਸਤ ਦਾ ਦਰਜਾ ਨਹੀਂ ਹੈ।

ਪੱਤਰ ਦੇ ਕੇਂਦਰ ਵਿੱਚ ਸੰਭਾਲ ਹੈ। ਕਰਨ ਬੀਰ ਸਿੰਘ ਸਿੱਧੂ ਨੇ ਕਿਹਾ ਕਿ ਅੰਤਰਰਾਸ਼ਟਰੀ ਮਾਨਤਾ ਦਾ ਅਸਲ ਮੁੱਲ ਝੀਲ ਦੇ ਪਾਣੀ ਦੀ ਗੁਣਵੱਤਾ, ਜੰਗਲੀ ਜੀਵਾਂ ਦੇ ਰਹਿਣ-ਸਥਾਨਾਂ ਅਤੇ ਜਲ-ਗ੍ਰਹਿਣ ਖੇਤਰ ਦੀ ਲਗਾਤਾਰ ਦੇਖਭਾਲ ਵਿੱਚ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ 18 ਜਨਵਰੀ 2017 ਦੀ ਆਪਣੀ ਅਧਿਸੂਚਨਾ ਰਾਹੀਂ ਚੰਡੀਗੜ੍ਹ ਵਾਲੇ ਪਾਸੇ ਸੁਖਨਾ ਜੰਗਲੀ ਜੀਵ ਰੱਖ (ਸੈਂਕਚੁਅਰੀ) ਦੇ ਆਲੇ-ਦੁਆਲੇ ਵਾਤਾਵਰਣ-ਸੰਵੇਦਨਸ਼ੀਲ ਖੇਤਰ (ਈਕੋ-ਸੈਂਸਿਟਿਵ ਜ਼ੋਨ) ਐਲਾਨਿਆ ਹੈ। ਪਰ ਕਿਉਂਕਿ ਰੱਖ ਅਤੇ ਝੀਲ ਦੇ ਜਲ-ਗ੍ਰਹਿਣ ਖੇਤਰ ਦਾ ਵੱਡਾ ਹਿੱਸਾ ਪੰਜਾਬ ਅਤੇ ਹਰਿਆਣਾ ਵਿੱਚ ਪੈਂਦਾ ਹੈ, ਉਨ੍ਹਾਂ ਸੁਝਾਅ ਦਿੱਤਾ ਕਿ ਯੂਟੀ ਪ੍ਰਸ਼ਾਸਨ ਸਹਿਯੋਗ ਦੀ ਭਾਵਨਾ ਨਾਲ ਦੋਵਾਂ ਸੂਬਾ ਸਰਕਾਰਾਂ ਕੋਲ ਇਹ ਮਾਮਲਾ ਉਠਾਏ, ਤਾਂ ਜੋ ਆਲੇ-ਦੁਆਲੇ ਦੇ ਜ਼ਮੀਨ ਮਾਲਕਾਂ ਦੀ ਰੋਜ਼ੀ-ਰੋਟੀ ਅਤੇ ਖੇਤੀਬਾੜੀ ਦੇ ਹੱਕਾਂ ਨੂੰ ਪ੍ਰਭਾਵਿਤ ਕੀਤੇ ਬਿਨਾਂ ਸੁਖਨਾ ਝੀਲ ਦੇ ਨਿਰਮਲ ਪਾਣੀਆਂ ਦੀ ਸੰਭਾਲ ਕੀਤੀ ਜਾ ਸਕੇ।

“ਸੁਖਨਾ ਨੇ ਦੁਨੀਆ ਦੀਆਂ ਮਹੱਤਵਪੂਰਨ ਜਲਗਾਹਾਂ ਦੇ ਨਕਸ਼ੇ ਉੱਤੇ ਆਪਣੀ ਥਾਂ ਕਮਾਈ ਹੈ, ਅਤੇ ਚੰਡੀਗੜ੍ਹ ਦਾ ਹਰ ਵਸਨੀਕ ਇਸ ਮਾਣ ਵਿੱਚ ਸਾਂਝੀਦਾਰ ਹੋ ਸਕਦਾ ਹੈ,” ਕਰਨ ਬੀਰ ਸਿੰਘ ਸਿੱਧੂ ਨੇ ਕਿਹਾ। “ਤਿੰਨ ਭਾਸ਼ਾਵਾਂ ਵਿੱਚ ਇੱਕ ਸਤਰ ਦੀ ਵਿਆਖਿਆ ਉੱਤੇ ਕੋਈ ਖ਼ਰਚਾ ਨਹੀਂ ਆਉਂਦਾ, ਅਤੇ ਇਸ ਨਾਲ ਲੋਕ ਠੀਕ-ਠੀਕ ਸਮਝ ਸਕਦੇ ਹਨ ਕਿ ਇਸ ਸਨਮਾਨ ਦਾ ਕੀ ਅਰਥ ਹੈ।”

ਉਨ੍ਹਾਂ ਅੱਗੇ ਕਿਹਾ: “ਇਸ ਮਾਨਤਾ ਦੀ ਅਸਲ ਕਸੌਟੀ ਕੋਈ ਸਰਟੀਫ਼ਿਕੇਟ ਨਹੀਂ, ਸਗੋਂ ਇਹ ਹੋਵੇਗੀ ਕਿ ਦਸ ਸਾਲ ਬਾਅਦ ਸੁਖਨਾ ਦਾ ਪਾਣੀ, ਪੰਛੀ ਅਤੇ ਜਲ-ਗ੍ਰਹਿਣ ਖੇਤਰ ਕਿੰਨੇ ਬਿਹਤਰ ਢੰਗ ਨਾਲ ਸੁਰੱਖਿਅਤ ਹਨ।”

(ਕਰਨ ਬੀਰ ਸਿੰਘ ਸਿੱਧੂ, ਆਈਏਐੱਸ (ਸੇਵਾਮੁਕਤ), ਜੁਲਾਈ 2021 ਵਿੱਚ ਪੰਜਾਬ ਸਰਕਾਰ ਦੇ ਵਿਸ਼ੇਸ਼ ਮੁੱਖ ਸਕੱਤਰ ਵਜੋਂ ਸੇਵਾਮੁਕਤ ਹੋਏ, ਅਤੇ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਹੇ।
ਸੰਪਰਕ: kbs.sidhu@gmail.com | 7837-001-001)